ਪਟਿਆਲਾ, 15 ਜੁਲਾਈ (ਗੁਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਪੰਜਾਬੀ ਸਟੈਨੋਗ੍ਰਾਫ਼ੀ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਪੰਜਾਬੀ ਸ਼ਾਰਟਹੈਂਡ ਜਨਰਲ ਸ਼੍ਰੇਣੀ/ਤੇਜ਼ ਗਤੀ ਸ਼੍ਰੇਣੀ ਅਤੇ ਅਧਿਐਨ ਤੇ ਅਧਿਆਪਨ ਸ਼੍ਰੇਣੀਆਂ ਦੇ ਕੋਰਸ ਲਈ ਸੈਸ਼ਨ 2025-26 ਦੇ ਦਾਖ਼ਲੇ ਦੀ ਪ੍ਰਕਿਰਿਆ 15 ਜੁਲਾਈ ਤੋਂ ਸ਼ੁਰੂ ਕਰ ਦਿੱਤੀ ਗਈ ਹੈ | ਚਾਹਵਾਨ ਵਿਦਿਆਰਥੀ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਤੋਂ ਦਸਤੀ ਫਾਰਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੈ ਸਕਦੇ ਹਨ | ਫਾਰਮ ਭਰਨ ਦੀ ਅੰਤਿਮ ਤਾਰੀਖ਼ 18 ਅਗਸਤ ਹੈ ਅਤੇ ਇੰਟਰਵਿਊ 25 ਅਗਸਤ ਨੂੰ ਹੋਵੇਗੀ | ਇਸ ਕੋਰਸ ਲਈ ਵਿੱਦਿਅਕ ਯੋਗਤਾ ਗਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ | ਪੰਜਾਬੀ ਸ਼ਾਰਟਹੈਂਡ ਸ਼੍ਰੇਣੀ ਲਈ ਕੋਈ ਟੈੱਸਟ ਪਾਸ ਕਰਨਾ ਲਾਜ਼ਮੀ ਨਹੀਂ ਹੋਵੇਗਾ ਪਰੰਤੂ ਸ਼ਾਰਟਹੈਂਡ ਤੇਜ਼ ਗਤੀ/ਅਧਿਐਨ ਤੇ ਅਧਿਆਪਨ ਸ਼੍ਰੇਣੀ ਵਿਚ ਦਾਖ਼ਲੇ ਲਈ ਉਮੀਦਵਾਰ ਨੂੰ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ 'ਤੇ ਪੰਜਾਬੀ ਸ਼ਾਰਟਹੈਂਡ ਦਾ ਟੈੱਸਟ ਪਾਸ ਕਰਨਾ ਲਾਜ਼ਮੀ ਹੋਵੇਗਾ | ਤੇਜ਼ ਗਤੀ/ਅਧਿਐਨ ਤੇ ਅਧਿਆਪਨ ਸ਼੍ਰੇਣੀ ਲਈ ਪੰਜਾਬੀ ਸ਼ਾਰਟਹੈਂਡ ਟੈੱਸਟ 21 ਅਗਸਤ ਨੂੰ ਹੋਵੇਗਾ | ਉਮੀਦਵਾਰ ਵਲੋਂ ਦਸਵੀਂ ਪੱਧਰ ਦੀ ਪੰਜਾਬੀ ਲਾਜ਼ਮੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਅਤੇ ਪਟਿਆਲਾ ਜ਼ਿਲ੍ਹੇ ਦਾ ਵਾਸੀ ਹੋਵੇ | ਇਸ ਕੋਰਸ ਦਾ ਸਮਾਂ ਇਕ ਸਾਲ ਦਾ ਹੋਵੇਗਾ |