ਰਾਜਪੁਰਾ, 14 ਜੁਲਾਈ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਨਗਰ ਕੌਂਸਲ ਨੂੰ ਨਾਲ ਲੈ ਕੇ ਦੁਕਾਨਦਾਰਾਂ ਦਾ ਬਾਜ਼ਾਰਾਂ ਅਤੇ ਜੀ.ਟੀ. ਰੋਡ 'ਤੇ ਆਵਾਜਾਈ ਵਿਚ ਵਿਘਨ ਪਾਉਣ ਵਾਲਾ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਪੁਲਿਸ ਨੂੰ ਵੇਖ ਕੇ ਦੁਕਾਨਦਾਰਾਂ ਨੇ ਆਪਣਾ ਸੜਕਾਂ 'ਤੇ ਧਰਿਆ ਸਾਮਾਨ ਮਿੰਟਾਂ 'ਚ ਹੀ ਦੁਕਾਨਾਂ ਦੇ ਅੰਦਰ ਧਰ ਲਿਆ ਤੇ ਪੁਲਿਸ ਨੇ ਥੋੜ੍ਹੀ ਦੇਰ ਦੀ ਕਾਰਵਾਈ ਵਿਚ ਹੀ ਬਾਜ਼ਾਰ ਖੁੱਲ੍ਹਾ ਡੁੱਲ੍ਹਾ ਕਰਵਾ ਦਿੱਤਾ ਸੀ | ਜਾਣਕਾਰੀ ਮੁਤਾਬਿਕ ਸ਼ਹਿਰ ਦੇ ਕਈ ਦੁਕਾਨਦਾਰ ਆਪਣੀ ਰਾਜਨੀਤਕ ਧੌਂਸਬਾਜ਼ੀ ਕਾਰਨ ਦੁਕਾਨਾਂ ਦਾ ਸਮਾਨ ਬਾਹਰ ਸੜਕਾਂ 'ਤੇ ਰੱਖਣ ਵਿਚ ਆਪਣੀ ਟੌਹਰ ਸਮਝਦੇ ਹਨ | ਇਸ ਕਾਰਨ ਬਾਜ਼ਾਰ ਵਿਚ ਹਰ ਸਮੇਂ ਜਾਮ ਵਰਗੀ ਹਾਲਤ ਬਣੀ ਰਹਿੰਦੀ ਹੈ | ਕਈ ਥਾਵਾਂ 'ਤੇ ਤਾਂ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ ਦੁਕਾਨ 10 ਫੁੱਟ ਦੀ ਹੁੰਦੀ ਹੈ ਪਰ ਦੁਕਾਨਦਾਰ ਨੇ ਸਾਮਾਨ ਦੁਕਾਨ ਤੋਂ 25-30 ਫੁੱਟ ਬਾਹਰ ਸੜਕ 'ਤੇ ਧਰਿਆ ਹੋਇਆ ਸੀ | ਪੁਲਿਸ ਨੇ ਸੜਕਾਂ 'ਤੇ ਰੁਕਾਵਟ ਬਣ ਰਹੇ ਮੋਟਰਸਾਈਕਲ ਵੀ ਚੁਕਵਾ ਕੇ ਨਗਰ ਕੌਂਸਲ ਦੀ ਟਰਾਲੀ ਵਿਚ ਸੁਟਵਾ ਦਿੱਤੇ | ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸਾਰਾ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਇਸ ਤੋਂ ਪਹਿਲਾਂ ਕਈ ਵਾਰ ਦੁਕਾਨਦਾਰਾਂ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੁਕਾਨ ਦਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣ ਲਈ ਕਿਹਾ ਸੀ ਪਰ ਕਈ ਦੁਕਾਨਦਾਰ ਗੱਲ ਆਈ-ਗਈ ਕਰ ਰਹੇ ਸਨ | ਦੱਸਣਯੋਗ ਹੈ ਕਿ ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਇੰਨੀ ਹਾਲਤ ਮਾੜੀ ਹੋਈ ਹੁੰਦੀ ਹੈ ਕਿ ਜੇਕਰ ਉਸ ਬਾਜ਼ਾਰ ਦੀ ਦੁਕਾਨ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਪੁਲਿਸ ਜਾਂ ਫਾਇਰ ਬਿ੍ਗੇਡ ਦੀ ਗੱਡੀ ਦਾ ਪੁੱਜਣਾ ਅਤਿ ਮੁਸ਼ਕਲ ਹੈ | ਕਈ ਦੁਕਾਨਦਾਰਾਂ ਨਾਲ ਪੁਲਿਸ ਦਾ ਤਕਰਾਰ ਵੀ ਹੋਇਆ ਪਰ ਜ਼ਿਆਦਾਤਾਰ ਦੁਕਾਨਦਾਰਾਂ ਨੇ ਪੁਲਿਸ ਦੀ ਕਹੀ ਹੋਈ ਗੱਲ 'ਤੇ ਗ਼ੌਰ ਕੀਤਾ ਅਤੇ ਆਪਣਾ ਸਾਮਾਨ ਅੱਗੇ ਤੋਂ ਵੀ ਦੁਕਾਨ ਦੇ ਅੰਦਰ ਰੱਖਣ ਲਈ ਹਾਮੀ ਭਰੀ ਹੈ | ਇਸ ਸੰਬੰਧ 'ਚ ਐਸ.ਐੈਚ.ਓ ਕਿ੍ਪਾਲ ਸਿੰਘ ਮੋਹੀ ਦਾ ਕਹਿਣਾ ਹੈ ਕਿ ਆਵਾਜਾਈ ਵਿਚ ਵਿਘਨ ਪਾਉਣ ਵਾਲੇ ਦੁਕਾਨਦਾਰਾਂ ਦੇ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਪੁਲਿਸ ਥੋੜ੍ਹੇ ਦਿਨਾਂ ਬਾਅਦ ਚੈਕਿੰਗ ਕਰਿਆ ਕਰੇਗੀ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਚੌਂਕੀ ਇੰਚਾਰਜ ਬਲਬੀਰ ਸਿੰਘ, ਥਾਣੇਦਾਰ ਕੇ.ਸੀ. ਵਾਲੀਆ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |