ਤਰਸਿੱਕਾ, 2 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਬਲਾਕ ਸੰਮਤੀ ਜੰਡਿਆਲਾ ਗੁਰੂ ਦੀਆਂ ਚੋਣਾਂ ਦਾ ਅਖਾੜਾ ਭਖ ਚੁੱਕਾ ਹੈ | ਇਸ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਜ਼ੋਨ ਤਰਸਿੱਕਾ ਤੋਂ ਉਮੀਦਵਾਰ ਸਰਨੈਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ | ਅਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਹ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਗੁਰਦੁਆਰਾ ਡੇਰਾ ਭਗਤਾਂ, ਤਰਸਿੱਕਾ ਵਿਖੇ ਆਪਣੇ ਸਾਥੀਆਂ ਸਮੇਤ ਨਤਮਸਕ ਹੋਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ | ਗੁਰਦੁਆਰਾ ਡੇਰਾ ਭਗਤਾਂ ਵਿਖੇ ਹੋਏ ਭਾਰੀ ਇਕੱਠ ਦੌਰਾਨ ਸਮੂਹ ਅਕਾਲੀ ਲੀਡਰਸ਼ਿਪ ਨੇ ਸਰਨੈਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਕੱਠ ਵਿਚ ਮੌਜੂਦ ਅਕਾਲੀ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਤਰਸਿੱਕਾ ਬਲਾਕ ਨੂੰ ਭੰਗ ਕਰਕੇ ਸਰਕਾਰ ਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਹਰਭਜਨ ਸਿੰਘ ਈ.ਟੀ.ਓ. ਅਤੇ ਮੌਜੂਦਾ ਸਰਕਾਰ ਦੇ ਲੀਡਰ, ਸਾਡੇ ਪੁਰਖਿਆਂ ਦੀ ਬਣਾਈ ਜਾਇਦਾਦ ਅਤੇ ਵਿਰਾਸਤ ਨੂੰ ਖਤਮ ਕਰਨ 'ਤੇ ਤੁਲੇ ਹੋਏ ਹਨ | ਉਨ੍ਹਾਂ ਕਿਹਾ ਕੀ ਇਨ੍ਹਾਂ ਚੋਣਾਂ ਵਿਚ ਪੰਜਾਬ ਦੇ ਲੋਕ 'ਆਪ' ਉਮੀਦਵਾਰਾਂ ਨੂੰ ਨਕਾਰ ਕੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਬੈਠੇ ਹਨ | ਅਖੀਰ ਵਿਚ ਸਮੂਹ ਵਰਕਰਾਂ ਨੇ ਸਰਨੈਲ ਸਿੰਘ ਦੀ ਜਿੱਤ ਲਈ ਦਿਨ-ਰਾਤ ਇਕ ਕਰਨ ਦਾ ਪ੍ਰਣ ਲਿਆ | ਇਸ ਮੌਕੇ ਮਨਜੀਤ ਸਿੰਘ ਸਾਬਕਾ ਚੇਅਰਮੈਨ, ਸ਼ਿਵਰਾਜ ਸਿੰਘ ਤਰਸਿੱਕਾ, ਨੰਬਰਦਾਰ ਬਲਜੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ |