- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 2025 - ਵਿਧਾਨ ਸਭਾ ਹਲਕਾ ਅਜਨਾਲਾ ਅੰਦਰ 33 ਬਲਾਕ ਸੰਮਤੀ ਅਤੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਹੋਣਗੀਆਂ ਚੋਣਾਂ
ਅਜੀਤ ਡੈਸਕ
03-12-2025
ਅੱਜ ਦੂਸਰੇ ਦਿਨ ਇੱਕ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ
ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਦੂਸਰੇ ਦਿਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਖੇ ਬਣੇ ਵਿਸ਼ੇਸ਼ ਸੈਂਟਰ ਵਿਖੇ ਚੋਣ ਰਿਟਰਨਿੰਗ ਅਧਿਕਾਰੀ ਕਮ-ਐੱਸ.ਡੀ.ਐੱਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਕੋਲ ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਨੰਗਲ ਵੰਝਾਂਵਾਲਾ ਤੋਂ ਭਾਜਪਾ ਉਮੀਦਵਾਰ ਦਲਜੀਤ ਸਿੰਘ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਜਦਕਿ ਬਲਾਕ ਸੰਮਤੀ ਰਮਦਾਸ ਦੇ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਨਹੀਂ ਕਰਵਾਏ ਗਏ | 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਚੋਣ ਰਿਟਰਨਿੰਗ ਅਧਿਕਾਰੀ ਕਮ-ਐੱਸ.ਡੀ.ਐੱਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ 4 ਦਸੰਬਰ ਤੱਕ ਸਵੇਰੇ 11 ਵਜੇ ਤੋਂ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਜਾ ਸਕਣਗੇ | ਉਨ੍ਹਾਂ ਅੱਗੇ ਦੱਸਿਆ ਕਿ 5 ਦਸੰਬਰ ਨੂੰ ਨਾਮਜ਼ਦਗੀ ਪੱਤਰ ਦੀ ਪੜਤਾਲ ਹੋਵੇਗੀ ਅਤੇ 6 ਦਸੰਬਰ ਨੂੰ ਚੋਣ ਨਾ ਲੜਨ ਵਾਲੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ ਤੇ ਉਸੇ ਦਿਨ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚਾਰਾਂ ਜ਼ੋਨਾਂ ਦੇ ਨਾਮਜ਼ਦਗੀ ਪੱਤਰ ਕਮਿਸ਼ਨਰ ਦਫ਼ਤਰ ਰਣਜੀਤ ਐਵੀਨਿਊ ਵਿਖੇ ਚੋਣ ਰਿਟਰਨਿੰਗ ਅਧਿਕਾਰੀ-ਕਮ-ਸਹਾਇਕ ਕਮਿਸ਼ਨਰ ਸੁਰਿੰਦਰ ਸਿੰਘ ਕੋਲ ਜਮ੍ਹਾ ਹੋਣਗੇ | ਇਸ ਮੌਕੇ ਡੀ.ਅੱੈਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਚੋਣਾਂ ਨੂੰ ਅਮਨ ਅਮਾਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਨਾਇਬ ਤਹਿਸੀਲਦਾਰ ਅਭਿਨਵ ਤਿਵਾੜੀ, ਐੱਸ.ਐੱਚ.ਓ. ਇੰਸਪੈਕਟਰ ਹਿਮਾਂਸ਼ੂ ਭਗਤ, ਚੋਣ ਕਾਨੂੰਗੋ ਸੰਜੀਵ ਕੁਮਾਰ ਰਮਦਾਸ, ਰਾਜਪਾਲ ਸਿੰਘ ਉੱਪਲ, ਗੁਰਿੰਦਰ ਸਿੰਘ ਘੁੱਕੇਵਾਲੀ, ਇੰਦਰਪਾਲ ਸਿੰਘ ਬੋਹਲੀਆਂ ਅਤੇ ਰਜਿੰਦਰ ਸਿੰਘ ਰਾਜਾਸਾਂਸੀ ਆਦਿ ਹਾਜ਼ਰ ਸਨ |
ਬਲਾਕ ਸੰਮਤੀ ਅਜਨਾਲਾ 'ਚ 18 ਤੇ ਰਮਦਾਸ 'ਚ ਹੋਣਗੇ 15 ਜ਼ੋਨ, ਜ਼ਿਲ੍ਹਾ ਪ੍ਰੀਸ਼ਦ ਦੇ ਹੋਣਗੇ 4 ਜ਼ੋਨ
ਪ੍ਰਾਪਤ ਵੇਰਵਿਆਂ ਅਨੁਸਾਰ ਬਲਾਕ ਸੰਮਤੀ ਅਜਨਾਲਾ ਅੰਦਰ 18 ਜ਼ੋਨ ਬਣਾਏ ਗਏ ਹਨ ਜਿੰਨਾਂ ਵਿਚ ਜ਼ੋਨ ਨੰਬਰ 1 ਗੱਗੋਮਾਹਲ, ਜ਼ੋਨ ਨੰਬਰ 2 ਜਗਦੇਵ ਖ਼ੁਰਦ, ਜ਼ੋਨ ਨੰਬਰ 3 ਡੱਲਾ ਰਾਜਪੂਤਾਂ, ਜ਼ੋਨ ਨੰਬਰ 4 ਬਲੜਵਾਲ, ਜ਼ੋਨ ਨੰਬਰ 5 ਸਾਰੰਗਦੇਵ, ਜ਼ੋਨ ਨੰਬਰ 6 ਜਾਫਰਕੋਟ, ਜ਼ੋਨ ਨੰਬਰ 7 ਚੱਕ ਔਲ਼, ਜ਼ੋਨ ਨੰਬਰ 8 ਨੰਗਲ ਵੰਝਾਂਵਾਲਾ, ਜ਼ੋਨ ਨੰਬਰ 9 ਗੁੱਜਰਪੁਰਾ, ਜ਼ੋਨ ਨੰਬਰ 10 ਪੰਡੋਰੀ ਸੁੱਖਾ ਸਿੰਘ, ਜ਼ੋਨ ਨੰਬਰ 11 ਉਗਰ ਔਲਖ, ਜ਼ੋਨ ਨੰਬਰ 12 ਭਲਾ ਪਿੰਡ, ਜ਼ੋਨ ਨੰਬਰ 13 ਧਾਲੀਵਾਲ ਕਲੇਰ, ਜ਼ੋਨ ਨੰਬਰ 14 ਚਮਿਆਰੀ, ਜ਼ੋਨ ਨੰਬਰ 15 ਕਾਮਲਪੁਰਾ, ਜ਼ੋਨ ਨੰਬਰ 16 ਤੇੜਾ ਕਲਾਂ, ਜ਼ੋਨ ਨੰਬਰ 17 ਸੈਂਸਰਾ ਅਤੇ ਜ਼ੋਨ ਨੰਬਰ 18 ਸੰਤੂਨੰਗਲ ਅਤੇ ਇਸ ਤੋਂ ਇਲਾਵਾ ਬਲਾਕ ਸੰਮਤੀ ਰਮਦਾਸ 'ਚ ਜ਼ੋਨ ਨੰਬਰ 1 ਘੋਨੇਵਾਲਾ, ਜ਼ੋਨ ਨੰਬਰ 2 ਮਹਿਮਦ ਮੰਦਰਾਂਵਾਲਾ, ਜ਼ੋਨ ਨੰਬਰ 3 ਨੰਗਲ ਸੋਹਲ, ਜ਼ੋਨ ਨੰਬਰ 4 ਅਵਾਣ, ਜ਼ੋਨ ਨੰਬਰ 5 ਥੋਬਾ, ਜ਼ੋਨ ਨੰਬਰ 6 ਸੂਫ਼ੀਆਂ, ਜ਼ੋਨ ਨੰਬਰ 7 ਅੱਬੂਸੈਦ, ਜ਼ੋਨ ਨੰਬਰ 8 ਡਿਆਲ ਭੜੰਗ, ਜ਼ੋਨ ਨੰਬਰ 9 ਸੁਧਾਰ, ਜ਼ੋਨ ਨੰਬਰ 10 ਵਿਛੋਆ, ਜ਼ੋਨ ਨੰਬਰ 11 ਮੋਹਨ ਭੰਡਾਰੀਆਂ, ਜ਼ੋਨ ਨੰਬਰ 12 ਚੱਕ ਸਕੰਦਰ, ਜ਼ੋਨ ਨੰਬਰ 13 ਤਲਵੰਡੀ ਨਾਹਰ, ਜ਼ੋਨ ਨੰਬਰ 14 ਸੰਗਤਪੁਰਾ ਅਤੇ ਜ਼ੋਨ ਨੰਬਰ 15 ਝੰਡੇਰ ਸ਼ਾਮਿਲ ਹਨ | ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਚਾਰ ਜ਼ੋਨ ਬਣਾਏ ਗਏ ਹਨ ਜਿੰਨਾਂ ਵਿਚ ਅਜਨਾਲਾ, ਚਮਿਆਰੀ, ਵਿਛੋਆ ਅਤੇ ਰਮਦਾਸ ਦੇ ਨਾਂਅ ਸ਼ਾਮਿਲ ਹਨ |