ਅਟਾਰੀ, 20 ਨਵੰਬਰ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਸਾਲਾਨਾ ਜੋੜ ਮੇਲਾ 24, 25 ਤੇ 26 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਅਤੇ ਮੈਨੇਜਰ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਜਥੇਦਾਰ ਹਰਵਿੰਦਰ ਸਿੰਘ ਵੇਰਕਾ ਵਲੋਂ ਮੀਟਿੰਗ ਕੀਤੀ ਗਈ | ਜਥੇ. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਅਤੇ ਮੀਟਿੰਗ 'ਚ ਪਹੁੰਚੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਪ੍ਰਬੰਧਕਾਂ ਦੀਆਂ ਵੱਖ-ਵੱਖ ਕਾਰਜਾਂ ਸੰਬੰਧੀ ਡਿਊਟੀਆਂ ਲਗਾਈਆਂ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ 24, 25 ਤੇ 26 ਨਵੰਬਰ ਨੂੰ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਪਰਿਵਾਰਾਂ ਸਮੇਤ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ | ਜਥੇ: ਰਣੀਕੇ ਨੇ ਗੱਲਬਾਤ ਕਰਦੇ ਦੱਸਿਆ ਕਿ ਬੰਦੀ ਛੋੜ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਆਉਣ ਦੀ ਖੁਸ਼ੀ ਵਿਚ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਕੌਮ ਦੇ ਵਿਦਵਾਨ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ | ਮੈਨੇਜਰ ਹਰਵਿੰਦਰ ਸਿੰਘ ਵੇਰਕਾ ਨੇ ਗੱਲਬਾਤ ਕਰਦੇ ਦੱਸਿਆ ਕਿ ਇਸ ਸ਼ੁਭ ਦਿਹਾੜੇ 'ਤੇ ਪੰਥ ਪ੍ਰਸਿੱਧ ਰਾਗੀ-ਢਾਡੀ, ਪ੍ਰਚਾਰਕ, ਕਥਾਵਾਚਕ ਅਤੇ ਕਵੀਸ਼ਰੀ ਜਥੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ | ਇਸ ਮੌਕੇ ਅਕਾਲੀ ਆਗੂ ਅਜਮੇਰ ਸਿੰਘ ਘਰਿੰਡੀ, ਸਰੂਪ ਸਿੰਘ ਅਚਿੰਤਕੋਟ, ਫਤਹਿ ਸਿੰਘ ਕੱਲੇਵਾਲ, ਹਰਗੋਬਿੰਦ ਸਿੰਘ ਗੁਰਦੁਆਰਾ ਇੰਸਪੈਕਟਰ, ਗ੍ਰੰਥੀ ਕਸ਼ਮੀਰ ਸਿੰਘ ਅਤੇ ਹਰਦੀਪ ਸਿੰਘ ਭੁਸੇ ਆਦਿ ਮੌਜੂਦ ਸਨ |