ਜੰਡਿਆਲਾ ਗੁਰੂ, 18 ਨਵੰਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਡੀ. ਜੀ. ਪੀ. ਪੰਜਾਬ ਦੀਆਂ ਹਦਾਇਤਾਂ 'ਤੇ ਜੰਡਿਆਲਾ ਗੁਰੂ ਪੁਲਿਸ ਨੇ ਡੀ. ਐੱਸ. ਪੀ. ਰਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਕੀਤੇ ਕਾਸੋ ਅਪ੍ਰੇਸ਼ਨ ਦੌਰਾਨ ਵੱਖ-ਵੱਖ ਟੀਮਾਂ ਬਣਾ ਕੇ ਜੰਡਿਆਲਾ ਗੁਰੂ ਦੇ ਵੱਖ-ਵੱਖ ਮੁਹੱਲਿਆਂ 'ਚ ਤਲਾਸ਼ੀ ਦੌਰਾਨ 6 ਵਿਅਕਤੀਆਂ ਕੋਲੋਂ 200 ਕੈਪਸੂਲ ਅਤੇ 81 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਡੀ. ਐੱਸ. ਪੀ. ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਨਸ਼ਿਆਂ ਦੀ ਖੇਪ ਆ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਗਲਤ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਲੋਂ 1 ਮਾਰਚ 2025 ਤੋਂ ਹੁਣ ਤੱਕ 999 ਮੁਕਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ 1654 ਦੋਸ਼ੀ ਗਿ੍ਫਤਾਰ ਕੀਤੇ ਗਏ ਹਨ ਅਤੇ 236.950 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ 9 ਕਿਲੋ 155 ਗ੍ਰਾਮ ਅਫੀਮ ਫੜੀ ਗਈ ਹੈ | ਉਨ੍ਹਾਂ ਦੱਸਿਆ ਕਿ ਇਕ ਕਿਲੋ ਭੁੱਕੀ ਅਤੇ 8.778 ਕਿਲੋਗ੍ਰਾਮ ਆਈਸ ਫੜੀ ਗਈ ਹੈ ਅਤੇ 1 ਲੱਖ 61 ਹਜਾਰ 838 ਕੈਪਸੂਲ ਗੋਲੀਆਂ ਅਤੇ 49 ਲੱਖ 30 ਹਜ਼ਾਰ 310 ਰੁਪਏ ਡਰੱਗ ਮਨੀ ਫੜੀ ਗਈ ਹੈ | ਇਸ ਤੋਂ ਇਲਾਵਾ 1 ਕਰੋੜ 44 ਲੱਖ 65 ਹਜਾਰ 10 ਰੁਪਏ ਹਵਾਲਾ ਮਨੀ, 9 ਹਜ਼ਾਰ ਅਮਰੀਕਨ ਡਾਲਰ ਅਤੇ 3400 ਦਰਾਮ ਹਵਾਲਾ ਮਨੀ ਫੜੀ ਗਈ ਹੈ | ਇਸ ਮੌਕੇ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਨਸ਼ੇ ਦੇ ਤਸਕਰਾਂ ਵਿਰੁੱਧ ਕਾਰਵਾਈ ਕਰਨ ਲਈ ਸਾਰੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ |