ਜੇਠੂਵਾਲ, 18 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ ਤੋਂ ਪਿੰਡ ਜਹਾਂਗੀਰ ਨੂੰ ਜਾਂਦੀ ਸੜਕ 'ਤੇ ਫਾਟਕ ਦੇ ਕੋਲ ਅਣਪਛਾਤੇ ਵਿਅਕਤੀਆਂ ਵਲੋਂ ਬੀਤੀ ਰਾਤ 9.30 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਵਿਅਕਤੀ 'ਤੇ ਅੰਨੇ੍ਹਵਾਰ ਗੋਲੀਆਂ ਚਲਾਈਆਂ ਜੋ ਗੰਭੀਰ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਵਿਅਕਤੀ ਜੁਗਰਾਜ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਗੋਪਾਲਪੁਰ ਜੋ ਕਿ ਧਾਰੀਵਾਲ ਹਸਪਤਾਲ ਵੇਰਕਾ ਵਿਖੇ ਮੈਡੀਕਲ ਸਟੋਰ 'ਤੇ ਡਿਊਟੀ ਕਰਦਾ ਸੀ, ਉਹ ਰਾਤ 9 ਵਜੇ ਛੁੱਟੀ ਕਰਕੇ ਆ ਰਿਹਾ ਸੀ ਕਿ ਆਪਣੇ ਦੋਸਤ ਹਰਮਨ ਸਿੰਘ ਦੀ ਮਾਤਾ ਨੂੰ ਦਵਾਈ ਦੇਣ ਲਈ ਜਹਾਂਗੀਰ ਜਾ ਰਿਹਾ ਹੈ ਕਿ ਉਸ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਪਣਾ ਮੋਟਰਸਾਈਕਲ ਪਿੱਛੇ ਨੂੰ ਮੋੜ ਕੇ ਭਜਾਇਆ ਤਾਂ ਉਨ੍ਹਾਂ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਜੋ ਕਿ ਇਕ ਗੋਲੀ ਉਸਦੇ ਮੋਢੇ ਵਿਚ ਵੱਜਣ ਨਾਲ ਜ਼ਖ਼ਮੀ ਹੋ ਗਿਆ | ਇਸ ਨਾਲ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਅਜੇਪਾਲ ਸਿੰਘ ਹੇਅਰ ਕੰਬੋਅ ਤੇ ਏ. ਐੱਸ. ਆਈ. ਤਰਸੇਮ ਸਿੰਘ ਚੌਂਕੀ ਇੰਚਾਰਜ ਸੋਹੀਆਂ ਖੁਰਦ ਪੁਲਿਸ ਮੁਲਾਜ਼ਮ ਨਾਲ ਮੌਕੇ 'ਤੇ ਪੁੱਜੇ ਤੇ ਛਾਣਬੀਣ ਸ਼ੁਰੂ ਕਰਕੇ ਜ਼ਖ਼ਮੀ ਵਿਅਕਤੀ ਨੂੰ ਅੰਮਿ੍ਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਸਥਿਰ ਹੈ | ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਕਤ ਵਿਆਕਤੀਆਂ ਨੂੰ ਜਲਦ ਗਿ੍ਫਤਾਰ ਕੀਤਾ ਜਾਵੇਗਾ |