ਅਜਨਾਲਾ, 18 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਲ ਅਜਨਾਲਾ ਦੇ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਦੀ ਅਗਵਾਈ ਵਾਲੀ ਟੀਮ ਵਲੋਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਥਿਤ ਪਿੰਡ ਭਿੰਡੀ ਸੈਦਾਂ ਦੇ ਛੱਪੜ ਵਿਚੋਂ 40 ਪਲਾਸਟਿਕ ਦੀਆਂ ਤਰਪਾਲਾਂ ਵਿਚ ਪਈ 1 ਲੱਖ ਲੀਟਰ ਕੱਚੀ ਲਾਹਣ ਬਰਾਮਦ ਕਰਨ ਤੋਂ ਇਲਾਵਾ ਤਿੰਨ ਸਕੇ ਭਰਾਵਾਂ ਸਮੇਤ ਇਕ ਹੋਰ ਵਿਅਕਤੀ ਦੇ ਘਰ ਕੋਲੋਂ ਵੀ 8000 ਲੀਟਰ ਕੱਚੀ ਲਾਹਣ ਬਰਾਮਦ ਕੀਤੀ ਹੈ | ਇਸ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਭਿੰਡੀ ਸੈਦਾਂ ਵਿਖੇ ਕੁਝ ਵਿਅਕਤੀ ਵੱਡੇ ਪੱਧਰ 'ਤੇ ਨਾਜਾਇਜ਼ ਦੇਸੀ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵਲੋਂ ਅੱਜ ਜਦੋਂ ਰੇਡ ਕਰਕੇ ਪਿੰਡ ਭਿੰਡੀ ਸੈਦਾਂ ਦੇ ਛੱਪੜ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਛੱਪੜ ਦੇ ਗੰਦੇ ਪਾਣੀ ਵਿਚੋਂ 40 ਪਲਾਸਟਿਕ ਦੀਆਂ ਤਰਪਾਲਾਂ ਵਿਚ ਪਈ 1 ਲੱਖ ਲੀਟਰ ਲਾਹਣ ਬਰਾਮਦ ਹੋਈ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਾਜਾਇਜ਼ ਦੇਸੀ ਸ਼ਰਾਬ ਦਾ ਧੰਦਾ ਕਰਨ ਵਾਲੇ ਦੋਸ਼ੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਗੁਪਤ ਸੂਚਨਾ ਦੇ ਆਧਾਰ 'ਤੇ ਪੂਰਨ ਸਿੰਘ, ਜੱਸਾ ਸਿੰਘ ਅਤੇ ਅਨੋਖ ਸਿੰਘ ਜੋ ਕਿ ਤਿੰਨੇ ਭਰਾ ਹਨ ਅਤੇ ਪ੍ਰੀਤਮ ਸਿੰਘ ਦੇ ਘਰ ਨਜ਼ਦੀਕ ਰੇਡ ਕਰਕੇ ਉੱਥੋਂ ਵੀ ਪਲਾਸਟਿਕ ਦੀਆਂ ਤਰਪਾਲਾਂ ਵਿਚ ਪਈ 8000 ਲੀਟਰ ਕੱਚੀ ਲਾਹਣ ਬਰਾਮਦ ਕੀਤੀ ਗਈ ਹੈ | ਐਕਸਾਈਜ਼ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ | ਉਨ੍ਹਾਂ ਨਾਜਾਇਜ਼ ਦੇਸੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅਜਿਹਾ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |