ਤਰਸਿੱਕਾ, 7 ਨਵੰਬਰ (ਅਤਰ ਸਿੰਘ ਤਰਸਿੱਕਾ)-ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਤਰਸਿੱਕਾ ਦੇ ਬੱਸ ਸਟੈਂਡ ਤੇ ਦਾਣਾ ਮੰਡੀ ਤਰਸਿੱਕਾ 'ਚ 15 ਕਰੋੜ 40 ਲੱਖ ਰੁਪਏ ਨਾਲ ਬਨਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ | ਦਾਣਾ ਮੰਡੀ ਇਲਾਕੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿੰਡ ਤਰਸਿੱਕਾ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਲਿਖਿਆ ਜਾਵੇਗਾ, ਕਿਉਂ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਏਨੀ ਵੱਡੀ ਰਕਮ ਦੀ ਗ੍ਰਾਂਟ ਪਿੰਡ ਦੇ ਵਿਕਾਸ ਕਾਰਜ ਜਿਨ੍ਹਾਂ 'ਚ ਦਾਣਾ ਮੰਡੀ ਤਰਸਿੱਕਾ ਚ ਬਣ ਰਹੇ ਦੋ ਸ਼ੈੱਡ, ਵੱਡਾ ਖੇਡ ਸਟੇਡੀਅਮ, ਦੋ ਪਾਰਕਾਂ, ਪਿੰਡ ਦੀਆਂ ਗਲੀਆਂ ਨਾਲੀਆਂ, ਦਾਣਾ ਮੰਡੀ ਨਜ਼ਦੀਕ ਫਿਰਨੀ, ਕਸਬਾ ਪੁਲ ਨਹਿਰ ਤਰਸਿੱਕਾ ਤੋਂ ਪਿੰਡ ਤਰਸਿੱਕਾ ਤਕ ਸੀਵਰੇਜ਼, ਤਰਸਿੱਕਾ ਤੋਂ ਪਿੰਡ ਤਾਹਿਰਪੁਰਾ ਤੇ ਪਿੰਡ ਦੇ ਕਿਸਾਨਾਂ ਦੇ ਡੇਰਿਆਂ ਤਕ ਪੱਕੀਆਂ ਸੜਕਾਂ ਦਾ ਜਾਲ ਆਦਿ ਸ਼ਾਮਲ ਹਨ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅੱਜ ਪਿੰਡ ਤਰਸਿੱਕਾ ਦੇ ਚੁਫੇਰੇ ਦੀਆਂ ਤਸਵੀਰਾਂ ਖਿੱਚ ਲਵੋ ਤੇ ਛੇ ਮਹੀਨੇ ਬਾਅਦ ਫੋਟੋ ਖਿੱਚ ਲੈਣੀਆਂ ਪਿੰਡ ਤਰਸਿੱਕਾ ਦਾ ਵਿਕਾਸ ਮੂੰਹੋਂ ਬੋਲੇਗਾ ਤੇ ਤੁਸੀਂ ਖੁਸ਼ ਹੋ ਜਾਵੋਗੇ | ਇਸ ਮੌਕੇ ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਇੰਜੀਨੀਅਰ ਬਲਰਾਜ ਸਿੰਘ ਤਰਸਿੱਕਾ ਪ੍ਰਧਾਨ, ਬਾਬਾ ਬਲਵੰਤ ਸਿੰਘ ਮਾਂਗਟ, ਵਿਸ਼ਾਲ ਸ਼ਰਮਾ, ਰਮੇਸ਼ ਅਵਸਥੀ, ਦੀਪੂ ਤਰਸਿੱਕਾ, ਸੁਖਵਿੰਦਰ ਸਿੰਘ ਚੱਕੀ ਵਾਲੇ, ਸੁਰਿੰਦਰ ਸਿੰਘ ਚੱਕੀ ਵਾਲੇ ਤੇ ਜਸਵੰਤ ਸਿੰਘ ਖਜਾਲਾ ਆਦਿ ਹਾਜ਼ਰ ਸਨ |