ਬਾਬਾ ਬਕਾਲਾ ਸਾਹਿਬ, 6 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ 'ਚ ਸੰਗਤਾਂ ਦੀ ਸ਼ਮੂਲੀਅਤ ਲਈ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਵਲੋਂ ਪ੍ਰਚਾਰ-ਮੁਹਿੰਮ ਆਰੰਭੀ ਗਈ | ਇਸ ਮੌਕੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਤੀ 8 ਅਤੇੇ 9 ਨਵੰਬਰ ਨੂੰ ਗੁਰਮਤਿ ਸਮਾਗਮ ਹੋਣਗੇ, ਜਦਕਿ 11 ਨਵੰਬਰ ਨੂੰ ੁ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ (ਆਸਾਮ) ਤੋਂ ਸਜਾਏ ਗਏ ਮਹਾਨ ਨਗਰ ਕੀਰਤਨ ਦਾ ਗੁ: ਬਾਬਾ ਬਕਾਲਾ ਸਾਹਿਬ ਵਿਖੇ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ, ਰਾਤ ਨੂੰ ਇੱਥੇ ਵਿਸ਼ਰਾਮ ਕਰਨ ਉਪਰੰਤ ਇਹ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ 'ਚ ਗੁ: ਤਪ ਅਸਥਾਨ, ਸ੍ਰੀ ਭੋਰਾ ਸਾਹਿਬ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗਾ | ਮੁੱਖ ਸਮਾਗਮ 8 ਨਵੰਬਰ ਨੂੰ ਹੋਵੇਗਾ, ਜਿਸ ਵਿਚ ਸਕੂਲ-ਕਾਲਜ ਦੇ ਬੱਚਿਆਂ ਵਲੋਂ ਹਿੱਸਾ ਲਿਆ ਜਾਵੇਗਾ, ਜਦਕਿ 9 ਨਵੰਬਰ ਨੂੰ ਗੁਰਮਤਿ ਸਮਾਗਮ ਹੋਣਗੇ, ਜਿਨ੍ਹਾਂ ਵਿਚ 20,000 ਸਹਿਜ ਪਾਠ ਦੇ ਭੋਗ ਪਾਏ ਜਾਣਗੇ | ਇਸ ਮੌਕੇ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ, ਭਾਈ ਜਗਦੇਵ ਸਿੰਘ ਮੁੱਖ ਪ੍ਰਚਾਰਕ, ਭਾਈ ਜੱਜ ਸਿੰਘ ਪ੍ਰਚਾਰਕ, ਭਾਈ ਹਰਪ੍ਰੀਤ ਸਿੰਘ ਪ੍ਰਚਾਰਕ, ਭਾਈ ਦਿਲਬਾਗ ਸਿੰਘ ਕਾਲੇਕੇ, ਕੰਵਲਜੀਤ ਸਿੰਘ ਗਗੜੇਵਾਲ (ਸਾਰੇ ਪ੍ਰਚਾਰਕ ਸਾਹਿਬਾਨ), ਹਰਪ੍ਰੀਤ ਸਿੰਘ ਆਨੰਦ, ਮੰਗਦੀਪ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |