ਮਜੀਠਾ, 6 ਨਵੰਬਰ (ਮਨਿੰਦਰ ਸਿੰਘ ਸੋਖੀ)-ਬੀਤੇ ਦਿਨੀਂ ਗੁਰੂ ਨਾਨਕ ਦੇਵ ਖੇਡ ਸਟੇਡੀਅਮ ਅੰਮਿ੍ਤਸਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ਦੀਆਂ 45ਵੀਆਂ ਸਾਲਾਨਾ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਅਠਵਾਲ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਚੰਦੀ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਕਬੱਡੀ ਸਰਕਲ ਮੁਕਾਬਲੇ ਵਿਚ ਭਾਗ ਲੈਂਦਿਆਂ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ | ਸਕੂਲ ਦੇ ਵਿਦਿਆਰਥੀਆਂ ਵਲੋਂ ਖੇਡ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਯੋਗਾ ਵਿਚ ਜ਼ਿਲ੍ਹੇ ਭਰ ਵਿਚ ਤੀਸਰਾ ਸਥਾਨ ਹਾਸਿਲ ਕੀਤਾ ਗਿਆ | ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਹਨੀ ਸਿੰਘ ਨੇ ਸ਼ਾਟ ਪੁੱਟ ਮੁਕਬਾਲੇ 'ਚ ਜ਼ਿਲ੍ਹੇ ਭਰ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ | ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਉਪਰੰਤ ਸਕੂਲ ਆਉਣ 'ਤੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਥਿੰਦ ਅਤੇ ਸਕੂਲ ਅਧਿਆਪਕਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਬਚਿਆਂ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਮੁੱਖ ਸਰਪੰਚ ਮੇਜ਼ਰ ਸਿੰਘ, ਸ਼ੇਰਾ ਸਿੰਘ, ਕੰਵਲਜੀਤ ਸਿੰਘ, ਅਧਿਆਪਕਾਂ ਵਿਚ ਸੁਖਰਾਜ ਸਿੰਘ, ਮੈਡਮ ਰਜਵੰਤ ਕੌਰ, ਗੁਰਜੀਤ ਕੌਰ ਆਦਿ ਹਾਜ਼ਰ ਸਨ |