ਚੋਗਾਵਾਂ/ਅਜਨਾਲਾ, 21 ਜੁਲਾਈ (ਗੁਰਵਿੰਦਰ ਸਿੰਘ ਕਲਸੀ/ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਭਿੰਡੀ ਸੈਦਾਂ ਦੀ ਪੁਲਿਸ ਨੇ ਰੰਜਿਸ਼ ਨੂੰ ਲੈ ਕੇ ਜਬਰ ਜਨਾਹ ਕਰਨ 'ਤੇ 5 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਪੀੜ੍ਹਤ ਨੇ ਪੁਲਿਸ ਨੂੰ ਦੱਸਿਆ ਕਿ 01-02 2022 ਨੂੰ ਮੈਂ ਆਪਣੇ ਪਤੀ ਤੇ ਬੱਚਿਆਂ ਸਮੇਤ ਘਰ ਵਿਚ ਮੌਜੂਦ ਸੀ | ਸਵੇਰੇ 9 ਵਜੇ ਦੇ ਕਰੀਬ ਅਜੀਤ ਸਿੰਘ, ਚੰਬਾ ਸਿੰਘ ਵਾਸੀ ਕੋਟਲੀ ਦੋਸੰਧੀ, ਸੁੱਖਾ ਸਿੰਘ ਧੁੱਪਸੜੀ, ਸੁਖਚੈਨ ਸਿੰਘ ਕੋਟਲੀ ਦੋਸੰਧੀ, ਕੁਲਦੀਪ ਸਿੰਘ ਵਰਿਆਹ ਅਤੇ ਪਰਮਜੀਤ ਕੌਰ ਪਤਨੀ ਅਜੀਤ ਸਿੰਘ ਵਾਸੀ ਕੋਟਲੀ ਦੋਸੰਧੀ ਨੇ ਸਾਡੇ ਘਰ ਦਾਖਲ ਹੋ ਕੇ ਮੇਰੀ ਅਤੇ ਮੇਰੇ ਪਤੀ ਤੇ ਬੱਚਿਆਂ ਦੀ ਭਾਰੀ ਕੁੱਟਮਾਰ ਕੀਤੀ | ਮੇਰੇ ਪਤੀ ਦੇ ਸਿਰ 'ਚ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ | ਅਸੀਂ ਉਸ ਸਮੇਂ ਨਾ ਕੋਈ ਮੈਡੀਕਲ, ਨਾ ਹੀ ਕੋਈ ਡਾਕਟਰੀ ਐਮ. ਐਲ. ਆਰ. ਨਹੀਂ ਕਟਵਾਈ | ਇਸ ਸਬੰਧੀ ਅਸੀਂ 03-08-2022 ਨੂੰ ਸੀਨੀਅਰ ਅਫਸਰਾਂ ਨੂੰ ਦਰਖਾਸਤ ਦਿੱਤੀ ਸੀ | ਇਸ ਤੋਂ ਬਾਅਦ ਉਕਤ ਵਿਅਕਤੀ ਸਾਡੇ ਨਾਲ ਰੰਜਿਸ਼ ਰੱਖਦੇ ਸਨ ਤੇ ਸਾਨੂੰ ਦਰਖਾਸਤ ਵਾਪਸ ਲੈਣ ਲਈ ਧਮਕੀਆਂ ਦਿੰਦੇ ਸਨ ਜਿਸ ਤੋਂ ਬਾਅਦ 09-08-2022 ਦੀ ਰਾਤ ਮੈਂ ਘਰ ਵਿਚ ਇਕੱਲੀ ਸੀ ਤਾਂ ਉਕਤ ਸਾਰੇ ਵਿਅਕਤੀ ਹਮਸਲਾਹ ਹੋ ਕੇ ਮੇਰੇ ਘਰ ਜਬਰੀ ਦਾਖਲ ਹੋ ਗਏ | ਅਜੀਤ ਸਿੰਘ, ਚੰਬਾ ਸਿੰਘ ਤੇ ਸੁੱਖਾ ਸਿੰਘ ਮੈਨੂੰ ਜ਼ਬਰਦਸਤੀ ਚੁੱਕ ਕੇ ਕਮਰੇ ਵਿਚ ਲੈ ਗਏ | ਮੇਰੀ ਮਰਜ਼ੀ ਤੋਂ ਬਗ਼ੈਰ ਮੇਰੇ ਨਾਲ ਜਬਰ ਜਨਾਹ ਕੀਤਾ | ਉਸ ਤੋਂ ਬਾਅਦ ਸੁਖਚੈਨ ਸਿੰਘ ਤੇ ਕੁਲਦੀਪ ਸਿੰਘ ਨੇ ਵੀ ਮੇਰੇ ਨਾਲ ਜਬਰ ਜਨਾਹ ਕੀਤਾ ਤਾਂ ਮੈਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਤੇਰੇ ਪਰਿਵਾਰ ਨੂੰ ਜਾਨੋ ਮਾਰ ਦਿਆਂਗੇ | ਸਬ ਇੰਸਪੈਕਟਰ ਕਮਲਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਇਸ ਸੰਬੰਧੀ ਉਕਤ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |