ਮਜੀਠਾ, 20 ਜੁਲਾਈ (ਜਗਤਾਰ ਸਿੰਘ ਸਹਿਮੀ)-ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ 'ਚ ਤੇ ਕਿਸਾਨੀ ਮੰਗਾਂ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕ ਵਿਸ਼ਾਲ ਇਕੱਤਰਤਾ ਬਲਾਕ ਮਜੀਠਾ ਦੇ ਪ੍ਰਧਾਨ ਸੂਬਾ ਸਿੰਘ ਚੰਡੇ ਦੀ ਅਗਵਾਈ ਹੇਠ ਹਲਕਾ ਮਜੀਠਾ ਦੇ ਪਿੰਡ ਚੰਡੇ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਆਗੂ ਮਲਕੀਤ ਸਿੰਘ ਵਡਾਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਮਲਕੀਤ ਸਿੰਘ ਵਡਾਲਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਹਨ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਮੈਲੀ ਅੱਖ ਰੱਖੀ ਬੈਠੀਆਂ ਹਨ, ਪਰ ਅਸੀਂ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀ ਹੋਣ ਦਿਆਂਗੇ | ਬਲਾਕ ਪ੍ਰਧਾਨ ਸੂਬਾ ਸਿੰਘ ਚੰਡੇ ਨੇ ਵੀ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ | ਉਨ੍ਹਾਂ ਪੰਜਾਬ ਸਰਕਾਰ ਦੀ ਪੁਲਿਸ ਨੀਤੀ ਦੀ ਵੀ ਨਿਖੇਧੀ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਸੈਕਟਰ ਦੇ ਹਿੱਤ 'ਚ ਹਨ, ਜਦਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਇਕੱਤਰਤਾ ਦੌਰਾਨ ਕਿਸਾਨਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਸੂਬਾ ਸਿੰਘ ਚੰਡੇ, ਜ਼ਿਲ੍ਹਾ ਆਗੂ ਮਲਕੀਤ ਸਿੰਘ ਵਡਾਲਾ, ਖਜਾਨਚੀ ਹਰਜਿੰਦਰ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੋਮਾ, ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠਾ ਦਿਹਾਤੀ, ਜਨਰਲ ਸਕੱਤਰ ਅਰਵਿੰਦਰ ਪਾਲ ਸਿੰਘ ਬਿੱਟੂ ਭੋਮਾ, ਅਮਰੀਕ ਚੰਦ ਕਰਨਾਲਾ, ਭੁਪਿੰਦਰ ਸਿੰਘ ਪੱਪੂ, ਬਲਜੀਤ ਸਿੰਘ ਚੰਡੇ, ਜਸਪਾਲ ਸਿੰਘ ਭੋਮਾ, ਹਰਭਜਨ ਸਿੰਘ ਚੰਡੇ, ਰਣਜੀਤ ਸਿੰਘ ਰਾਣਾ ਝੰਡੇ, ਬਲਦੇਵ ਸਿੰਘ ਵੀਰਮ, ਜਸਵਿੰਦਰ ਸਿੰਘ ਵਡਾਲਾ ਸਮੇਤ ਸੈਂਕੜੇ ਕਿਸਾਨ ਅਤੇ ਮੈਂਬਰ ਹਾਜ਼ਰ ਸਨ |
ਹਲਕਾ ਮਜੀਠਾ ਦੇ ਪਿੰਡ ਚੰਡੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਹੋਈ ਇਕੱਤਰਤਾ <br/>
ਪਿੰਡ ਚੰਡੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕੀਤੀ ਗਈ ਇਕੱਤਰਤਾ ਮੌਕੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਵਡਾਲਾ, ਪ੍ਰਧਾਨ ਸੂਬਾ ਸਿੰਘ ਚੰਡੇ, ਬਿਕਰਮ ਸਿੰਘ ਮਜੀਠਾ ਤੇ ਹੋਰ | ਤਸਵੀਰ : ਜਗਤਾਰ ਸਿੰਘ ਸਹਿਮੀ<br/>
21-07-2025