ਅੰਮਿ੍ਤਸਰ, 17 ਜੁਲਾਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਅਤੇ ਇਸ ਅਧੀਨ ਚੱਲ ਰਹੇ ਸਮੂਹ ਵਿਦਿਅਕ ਤੇ ਸਮਾਜ ਭਲਾਈ ਅਦਾਰਿਆਂ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ 20 ਜੁਲਾਈ ਨੂੰ ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈ. ਪਬਲਿਕ ਸਕੂਲ, ਜੀ.ਟੀ. ਰੋਡ ਵਿਖੇ ਕਰਵਾਏ ਜਾ ਰਹੇ ਸਾਲਾਨਾ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਇਸ ਸੰਬੰਧ ਵਿਚ ਦੀਵਾਨ ਦੇ ਮੁੱਖ ਦਫ਼ਤਰ ਵਿਖੇ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਮੂਹ ਸੀ. ਕੇ. ਡੀ. ਸਕੂਲਾਂ 'ਚ 18 ਤੋਂ 21 ਜੁਲਾਈ ਤੱਕ ਦੀਪਮਾਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ 20 ਜੁਲਾਈ ਨੂੰ ਸ਼ਾਮ 4:15 ਵਜੇ ਤੋਂ ਦੇਰ ਰਾਤ 9 ਵਜੇ ਤੱਕ ਸਜਾਏ ਜਾ ਰਹੇ ਇਸ ਕੀਰਤਨ ਦਰਬਾਰ ਦੌਰਾਨ ਭਾਈ ਗੁਰਇਕਬਾਲ ਸਿੰਘ ਭਲਾਈ ਕੇਂਦਰ ਵਾਲੇ, ਭਾਈ ਰਵਿੰਦਰ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗਗਨਦੀਪ ਸਿੰਘ ਗੰਗਾ ਨਗਰ, ਬੀਬੀ ਪ੍ਰਭਜੋਤ ਕੌਰ ਜੀ.ਟੀ. ਰੋਡ ਸਕੂਲ ਜੱਥਾ, ਭਾਈ ਗੁਰਦੀਪ ਸਿੰਘ ਸਲੂਜਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਸਤਨਾਮ ਸਿੰਘ ਭੂਰਾ ਸੈਂਟਰਲ ਖ਼ਾਲਸਾ ਯਤੀਮਖਾਨਾ ਅਤੇ ਦੀਵਾਨ ਸਕੂਲਾਂ ਦੇ ਵਿਦਿਆਰਥੀ ਗੁਰਬਾਣੀ ਕਥਾ ਕੀਰਤਨ ਦੀ ਛਹਿਬਰ ਲਾਉਣਗੇ ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰ੍ਰੋ੍ਰਮਣੀ ਕਮੇਟੀ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗਿਆਨੀ ਮਲਕੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ, ਗਿਆਨੀ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਪ੍ਰੋ.ਕਰਮਜੀਤ ਸਿੰਘ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਨਗੀਆਂ | ਆਨਰੇਰੀ ਸਕੱਤਰ ਰਮਣੀਕ ਸਿੰਘ ਫਰੀਡਮ, ਵਧੀਕ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਹਰਵਿੰਦਰ ਪਾਲ ਸਿੰਘ ਚੁੱਘ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਪੁੱਜਣ ਵਾਲੀਆਂ ਸੰਗਤਾਂ ਲਈ ਲੰਗਰ ਤੇ ਛਬੀਲ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਅਤੇ ਲੰਗਰ ਦੇ ਜੂਠੇ ਪੱਤਲਾਂ ਦੀ ਸੇਵਾ ਏਕਜੋਤ ਲੰਗਰ ਸੇਵਾ ਸੁਸਾਇਟੀ ਵਲੋਂ ਨਿਭਾਈ ਜਾਵੇਗੀ | ਇਸ ਮੌਕੇ ਡਾ: ਨਿੱਜਰ ਤੇ ਹੋਰਨਾਂ ਅਹੁਦੇਦਾਰਾਂ ਵਲੋਂ ਕੀਰਤਨ ਦਰਬਾਰ ਸੰਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਡਾ. ਨਿੱਜਰ ਤੇ ਸ: ਸੰਤੋਖ ਸਿੰਘ ਸੇਠੀ ਤੋਂ ਇਲਾਵਾ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਰਮਣੀਕ ਸਿੰਘ, ਜਸਪਾਲ ਸਿੰਘ ਢਿੱਲੋਂ, ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ, ਤਰਲੋਚਨ ਸਿੰਘ, ਗੁਰਭੇਜ ਸਿੰਘ, ਪ੍ਰੋ. ਭੂਪਿੰਦਰ ਸਿੰਘ ਸੇਠੀ, ਡਾਇਰੈਕਟਰ ਡਾ. ਏ.ਪੀ. ਐੱਸ ਚਾਵਲਾ ਆਦਿ ਵੀ ਮੌਜੂਦ ਸਨ |
ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਠਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸੀ. ਕੇ. ਡੀ. ਸਕੂਲਾਂ 'ਚ ਅੱਜ ਤੋਂ 21 ਤੱਕ ਦੀਪਮਾਲਾ ਕਰਨ ਦੇ ਨਿਰਦੇਸ਼ <br/>
ਅਜੀਤ ਡੈਸਕ
18-07-2025