ਅਟਾਰੀ, 16 ਜੁਲਾਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੀ ਸਰਕਾਰੀ ਆਈ.ਟੀ.ਆਈ. ਸ਼ਹੀਦ ਜਥੇਦਾਰ ਦਲਬੀਰ ਸਿੰਘ ਰਣੀਕੇ ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਠੇਕਾ ਮੁਲਾਜ਼ਮਾਂ ਵਲੋਂ ਪ੍ਰਧਾਨ ਹਰਮੀਤ ਸਿੰਘ ਦੀ ਅਗਵਾਈ ਹੇਠ ਆਈ.ਟੀ.ਆਈ. ਦੇ ਮੁੱਖ ਦੁਆਰ ਅੱਗੇ ਰੋਸ ਪ੍ਰਗਟਾਇਆ ਗਿਆ | ਯੂਨੀਅਨ ਪ੍ਰਧਾਨ ਹਰਮੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਜਿਸ ਕਾਰਨ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਗੇਟ ਰੈਲੀ ਕੀਤੀ ਗਈ | ਜਥੇਬੰਦੀ ਦੇ ਨੁਮਾਇੰਦੇ ਰਾਜ ਮਹਿੰਦਰ ਸਿੰਘ ਅਤੇ ਮੁਲਾਜ਼ਮਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ. ਟੀ. ਆਈਜ਼ ਵਿਚ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਨਿਗੁਣੀਆਂ ਤਨਖਾਹਾਂ ਸਿਰਫ਼ 15000 ਰੁਪਏ ਉੱਪਰ ਗਰੁੱਪ ਬੀ ਬਤੌਰ ਕਰਾਫਟ ਇੰਸਟਰਕਟਰ ਵਜੋਂ ਆਪਣਾ ਸ਼ੋਸ਼ਣ ਕਰਵਾ ਰਹੇ ਹਨ | ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਦਫਤਰ ਦੇ 40-50 ਗੇੜੇ ਮਾਰੇ ਤਾਂ ਕਿ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਮਿਲ ਜਾਵੇ ਪਰੰਤੂ ਆਮ ਲੋਕਾਂ ਦੇ ਮੁੱਖ ਮੰਤਰੀ ਕਹਾਉਣ ਵਾਲੇ ਭਗਵੰਤ ਮਾਨ ਵੀ ਪਹਿਲੇ ਮੁੱਖ ਮੰਤਰੀਆਂ ਦੀ ਤਰ੍ਹਾਂ ਹੀ ਨਿਕਲੇ | ਇਸ ਲਈ ਜਥੇਬੰਦੀ ਨੇ ਅੱਜ ਸਰਕਾਰੀ ਆਈ. ਟੀ.ਆਈ. ਦੇ ਗੇਟ ਅੱਗੇ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ ਕਰਦੇ ਪੰਜਾਬ ਸਰਕਾਰ ਦੀ ਮੁਰਦਾਬਾਦ ਕੀਤੀ ਹੈ | ਰਮਨ ਕੁਮਾਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਸੰਦੀਪ ਸਿੰਘ, ਭੁਪਿੰਦਰ ਸਿੰਘ, ਗਗਨਦੀਪ ਸਿੰਘ ਅਤੇ ਹਰਜੀਤ ਸਿੰਘ ਆਦਿ ਠੇਕਾ ਮੁਲਾਜ਼ਮਾਂ ਵਲੋਂ ਵੀ ਸੰਬੋਧਨ ਕੀਤਾ ਗਿਆ |