ਨਸ਼ੇ ਖ਼ਿਲਾਫ਼ ਬਿਆਸ ਗ੍ਰਾਮ ਪੰਚਾਇਤ ਦਾ ਵੱਡਾ ਫ਼ੈਸਲਾ
ਅਜੀਤ ਡੈਸਕ
17-07-2025
ਉਥੇ ਹੀ ਅੰਮਿ੍ਤਸਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਬਿਆਸ ਦੀ ਪੰਚਾਇਤ ਵਲੋਂ ਵੀ ਨਸ਼ੇ ਦੇ ਖ਼ਿਲਾਫ਼ ਇਕ ਵੱਡਾ ਅਤੇ ਅਹਿਮ ਫ਼ੈਸਲਾ ਲਿਆ ਗਿਆ ਹੈ | ਇਸ ਸੰਬੰਧੀ ਅੱਜ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਨਾਲ ਹੀ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਗ੍ਰਾਮ ਪੰਚਾਇਤ ਬਿਆਸ ਵਲੋਂ ਨਸ਼ਾ ਫੜਾਉਣ ਵਾਲੇ ਵਿਅਕਤੀ ਲਈ ਨਗਦ ਰਾਸ਼ੀ ਇਨਾਮ ਵਜੋਂ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ ਨੇ ਕਿਹਾ ਕਿ ਗ੍ਰਾਮ ਪੰਚਾਇਤ ਬਿਆਸ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਜੋ ਵੀ ਵਿਅਕਤੀ ਬਿਆਸ ਵਿਚ ਨਸ਼ਾ ਵੇਚਣ ਵਾਲੇ ਕਿਸੇ ਨਸ਼ਾ ਤਸਕਰ ਦੇ ਕੋਲੋਂ ਮੌਕੇ ਉੱਤੋਂ ਨਸ਼ਾ ਫੜਾਉਂਦਾ ਹੈ ਤਾਂ ਉਸ ਨੂੰ ਨਕਦ ਇਨਾਮ ਵਜੋਂ 5100 ਰੁਪਏ ਦਿੱਤੇ ਜਾਣਗੇ | ਇਸ ਦੇ ਨਾਲ ਹੀ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਚੰਗੀ ਸਿਹਤ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਚੰਗੀ ਮਿਆਰੀ ਖੁਰਾਕ ਵੀ ਦਿੱਤੀ ਜਾਵੇਗੀ | ਜਿਸ ਵਿਚ ਡਰਾਈ ਫਰੂਟ, ਫਲ ਫਰੂਟ ਅਤੇ ਪੋਸ਼ਟਿਕ ਆਹਾਰ ਸ਼ਾਮਿਲ ਹੋਣਗੇ | ਇਸ ਮੌਕੇ ਸੰਦੀਪ ਸਿੰਘ, ਬਿਆਸ ਬਾਜ਼ਾਰ ਪ੍ਰਧਾਨ ਰਾਮ ਸਰੂਪ ਗਾਰਡ, ਸ੍ਰੀਮਤੀ ਕਾਜਲ, ਰਾਜ ਕੁਮਾਰ ਅਰੋੜਾ, ਓਾਕਾਰ ਨਾਥ ਸ਼ਰਮਾ, ਅਮਰਜੀਤ ਸਿੰਘ, ਜਸਬੀਰ ਲਾਲ, ਅਸ਼ੋਕ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਥਾਨਕ ਵਾਸੀ ਹਾਜ਼ਰ ਸਨ |