13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ, ਨਾਜਾਇਜ਼ ਮਾਈਨਿੰਗ ਤੇ ਹੋਰਨਾਂ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਲੋਂ ਸੂਬਾ ਸਰਕਾਰ 'ਤੇ ਹਮਲੇ <br/>

ਅਜੀਤ ਡੈਸਕ 25-12-2025
ਰੂਪਨਗਰ, 24 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਪੈੱ੍ਰਸ ਕਲੱਬ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਦੌਰਾਨ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਉੱਤੇ ਕਾਨੂੰਨ ਵਿਵਸਥਾ ਦੀ ਮੰਦ ਹਾਲਤ, ਸੜਕਾਂ ਦੀ ਬਦ ਤੋਂ ਬਦਤਰ ਸਥਿਤੀ ਅਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਗਏ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਵਿਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅਤੇ ਸੂਬਾ ਗੈਂਗ ਵਾਰ ਦਾ ਗੜ੍ਹ ਬਣਦਾ ਜਾ ਰਿਹਾ ਹੈ, ਜਿਸ ਨੂੰ ਕਾਬੂ ਕਰਨ ਵਿਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਰੂਪਨਗਰ ਜ਼ਿਲ੍ਹੇ ਵਿਚ ਕੁਦਰਤੀ ਸਰੋਤਾਂ ਦੀ ਬੇਰਹਿਮੀ ਨਾਲ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੇ ਵਾਅਦਿਆਂ ਦੇ ਬਾਵਜੂਦ ਵੱਡੇ ਪੱਧਰ 'ਤੇ ਨਜਾਇਜ਼ ਮਾਈਨਿੰਗ ਜਾਰੀ ਹੈ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਮਾਈਨਿੰਗ ਰਾਹੀਂ 20 ਹਜ਼ਾਰ ਕਰੋੜ ਰੁਪਏ ਸਾਲਾਨਾ ਰੈਵੀਨਿਊ ਇਕੱਠਾ ਕਰਨ ਦੀ ਗੱਲ ਕਰਦੀ ਰਹੀ, ਪਰ ਅਸਲ ਵਿਚ ਅਧਿਕਾਰਤ ਖੱਡਾਂ ਤੋਂ ਇਲਾਵਾ ਰੂਪਨਗਰ ਜ਼ਿਲ੍ਹੇ ਵਿਚ ਖ਼ਾਸ ਕਰਕੇ ਅਨੰਦਪੁਰ ਸਾਹਿਬ ਖੇਤਰ ਵਿਚ ਐਲਗਰਾਂ, ਅਗੰਮਪੁਰ, ਚੰਦਪੁਰ, ਗੱਜਪੁਰ, ਖੇੜਾ ਅਤੇ ਸੈਦਪੁਰ ਵਰਗੇ ਪਿੰਡਾਂ ਵਿਚ ਦਿਨ-ਰਾਤ ਸੈਂਕੜੇ ਟਿੱਪਰ ਚੱਲ ਰਹੇ ਹਨ, ਜੋ ਆਮ ਲੋਕਾਂ ਲਈ ਖ਼ਤਰੇ ਦਾ ਕਾਰਨ ਬਣੇ ਹੋਏ ਹਨ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਦਿਨਾਂ ਦੌਰਾਨ ਵੀ ਇਹ ਨਜਾਇਜ਼ ਕਾਰਵਾਈ ਨਹੀਂ ਰੁਕੀ, ਜੋ ਸਰਕਾਰ ਦੀ ਨਾਲਾਇਕੀ ਨੂੰ ਦਰਸਾਉਂਦੀ ਹੈ | ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜ਼ਿਲ੍ਹੇ ਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖ਼ੁਦ ਮਾਈਨਿੰਗ ਮੰਤਰੀ ਰਹਿ ਚੁੱਕਾ ਹੈ, ਫਿਰ ਵੀ ਇਨ੍ਹਾਂ ਗ਼ੈਰਕਾਨੰੂਨੀ ਗਤੀਵਿਧੀਆਂ 'ਤੇ ਕੋਈ ਰੋਕ ਨਹੀਂ ਲੱਗੀ | ਕਈ ਟਿੱਪਰ ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਹਨ, ਜਿਸ ਨਾਲ ਹਾਦਸਿਆਂ ਦੀ ਸਥਿਤੀ ਵਿਚ ਦੋਸ਼ੀਆਂ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਜ਼ਿਲ੍ਹਾ ਕਾਂਗਰਸ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਗਿਆ ਸੀ, ਪਰ ਥੋੜ੍ਹੇ ਸਮੇਂ ਦੀ ਸ਼ਾਂਤੀ ਤੋਂ ਬਾਅਦ ਨਜਾਇਜ਼ ਮਾਈਨਿੰਗ ਫਿਰ ਸ਼ੁਰੂ ਹੋ ਗਈ | ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਇਸ ਮਾਮਲੇ 'ਚ ਚੁੱਪ ਕਿਉਂ ਹਨ | ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਅਤੇ ਕਰੈਸ਼ਰਾਂ ਤੋਂ ਹੋ ਰਹੀ ਗ਼ੈਰਕਾਨੰੂਨੀ ਵਸੂਲੀ ਤੁਰੰਤ ਬੰਦ ਕਰਵਾਈ ਜਾਵੇ | ਨਾਲ ਹੀ ਉਨ੍ਹਾਂ ਕਿਹਾ ਕਿ ਸੜਕਾਂ ਦੀ ਹਾਲਤ ਇਤਨੀ ਖ਼ਰਾਬ ਹੋ ਚੁੱਕੀ ਹੈ, ਕਿ ਖੱਡਿਆਂ ਦੀ ਥਾਂ ਤਲਾਬ ਬਣ ਗਏ ਹਨ ਅਤੇ ਨਾ ਨਵੀਆਂ ਸੜਕਾਂ ਬਣ ਰਹੀਆਂ ਹਨ, ਨਾ ਹੀ ਪੁਰਾਣੀਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਸਰਕਾਰ ਹਰ ਫ਼ਰੰਟ 'ਤੇ ਫੈਲ ਸਾਬਤ ਹੋਈ ਹੈ ਅਤੇ ਹਾਲੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਨੇ ਆਪਣਾ ਗ਼ੁੱਸਾ ਸਾਫ਼ ਤੌਰ 'ਤੇ ਦਰਸਾ ਦਿੱਤਾ ਹੈ | ਅਸ਼ਵਨੀ ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਜੇ ਨਜਾਇਜ਼ ਮਾਈਨਿੰਗ ਅਤੇ ਗ਼ੈਰਕਾਨੰੂਨੀ ਗਤੀਵਿਧੀਆਂ ਤੁਰੰਤ ਬੰਦ ਨਾ ਹੋਈਆਂ ਤਾਂ ਜ਼ਿਲ੍ਹਾ ਕਾਂਗਰਸ ਆਪਣੇ ਪੱਧਰ 'ਤੇ ਇਸ ਦਾ ਮੁਕਾਬਲਾ ਕਰਨ ਲਈ ਮਜਬੂਰ ਹੋਵੇਗੀ |
ਉਨ੍ਹਾਂ ਨਜਾਇਜ਼ ਮਾਈਨਿੰਗ ਦਾ ਤਾਂਡਵ ਇੱਕ ਹਫ਼ਤੇ ਵਿਚ ਬੰਦ ਕਰਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਉਸ ਤੋਂ ਬਾਅਦ ਜ਼ਿਲ੍ਹਾ ਕਾਂਗਰਸ ਕਮੇਟੀ ਸੰਘਰਸ਼ ਆਰੰਭ ਕਰੇਗੀ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਸੰਮਤੀ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਵਹਿਸਕੀ, ਐਸਸੀ ਸੈੱਲ ਦੇ ਪ੍ਰਧਾਨ ਪ੍ਰੇਮ ਸਿੰਘ ਡੱਲਾ, ਸੀਨੀਅਰ ਕਾਂਗਰਸ ਆਗੂ ਰਾਜੇਸ਼ਵਰ ਲਾਲੀ, ਬਲਾਕ ਕਾਂਗਰਸ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਿਮਾਂਸ਼ੂ ਟੰਡਨ, ਅਵਨੀਸ਼ ਮੋਦਗਿਲ, ਵਿਨੋਦ ਸ਼ਰਮਾ, ਨਿਤਿਨ ਕੁਮਾਰ ਅਤੇ ਭੁਪਿੰਦਰ ਸਿੰਘ ਰੈਲੋ ਸਮੇਤ ਹੋਰ ਕਾਂਗਰਸ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਥ੍ਰੀ-ਵ੍ਹੀਲਰ ਨੂੰ ਬਚਾਉਂਦਿਆਂ ਟਰੱਕ ਬੇਕਾਬੂ ਹੋ ਕੇ ਟੋਏ 'ਚ ਡਿੱਗ ਕੇ ਪਲਟਿਆ ਅਗਲੀ ਖ਼ਬਰ ਰੂਪਨਗਰ 'ਚ ਚਾਈਨਾ ਡੋਰ ਦਾ ਕਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।