ਨੰਗਲ, 2 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਬੀਤੀ ਰਾਤ ਇਕ ਕਾਰ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਨੰਗਲ ਦੀ ਮੇਨ ਮਾਰਕੀਟ ਵਿਚੋਂ ਇਕ ਦੁਕਾਨਦਾਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮੇਨ ਮਾਰਕੀਟ ਨੰਗਲ ਦਾ ਇਕ ਵਪਾਰੀ ਗੁਲਸ਼ਨ ਰਾਏ ਦੁੱਧ ਖਰੀਦਣ ਗਿਆ ਸੀ | ਜਦੋਂ ਉਹ ਇਕ ਘੰਟੇ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ | ਇਸ 'ਚ ਦੇਖਿਆ ਗਿਆ ਕਿ ਉਹ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰ ਪੀ. ਬੀ. 23 ਟੀ. 4173 ਵਿਚ ਭਾਖੜਾ ਰੋਡ ਵੱਲ ਗਿਆ ਸੀ | ਜਦੋਂ ਪਰਿਵਾਰਕ ਮੈਂਬਰ ਭਾਖੜਾ ਡੈਮ ਰੋਡ ਵੱਲ ਭੱਜੇ ਤਾਂ ਉਨ੍ਹਾਂ ਨੇ ਬਰਮਾਲਾ ਚੈੱਕ ਪੋਸਟ ਦੇ ਨੇੜੇ ਇਕ ਚਿੱਟੇ ਰੰਗ ਦੀ ਕਾਰ ਦੇਖੀ | ਇਸੇ ਕਾਰ ਵਿਚ ਕਥਿਤ ਅਗਵਾਕਾਰਾਂ ਵਿਚੋਂ ਇਕ ਅਤੇ ਗੁਲਸ਼ਨ ਕੁਮਾਰ ਵੀ ਡਰ ਦੇ ਮਾਹੌਲ 'ਚ ਬੈਠੇ ਮਿਲੇ | ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਬਾਰੇ ਨੰਗਲ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਗੁਲਸ਼ਨ ਕੁਮਾਰ ਤੇ ਉਸ ਨੌਜਵਾਨ ਨੂੰ ਥਾਣੇ ਲੈ ਗਈ, ਜਿਸ ਨੇ ਕਥਿਤ ਤੌਰ 'ਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ | ਇਥੇ ਗੁਲਸ਼ਨ ਕੁਮਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਦੱਸਿਆ ਗਿਆ ਹੈ ਕਿ ਗੁਲਸ਼ਨ ਕੁਮਾਰ ਥੋੜਾ ਬਿਮਾਰ ਹੈ ਤੇ ਕਾਰ 'ਚ ਸਵਾਰ ਦੋ ਨੌਜਵਾਨ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਏ | ਜਿਵੇਂ ਹੀ ਉਹ ਕਾਰ ਵਿਚ ਬੈਠਾ, ਉਨ੍ਹਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ | ਕਾਰ 'ਚ ਸਵਾਰ ਨੌਜਵਾਨਾਂ ਕੋਲ ਹਥੌੜੇ ਵੀ ਮਿਲੇ |
ਕੀ ਕਹਿੰਦੇ ਹਨ ਡੀ. ਐਸ. ਪੀ. ਨੰਗਲ ਹਰਕੀਰਤ ਸਿੰਘ
ਦੂਜੇ ਪਾਸੇ ਡੀ. ਐਸ. ਪੀ. ਨੰਗਲ ਹਰਕੀਰਤ ਸਿੰਘ ਅੱਜ ਸਵੇਰੇ ਪੁਲਿਸ ਥਾਣਾ ਨੰਗਲ ਵਿਖੇ ਬੁਲਾਈ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਫੋਨ 'ਤੇ ਸੂਚਨਾ ਮਿਲੀ ਸੀ ਕਿ ਮੇਨ ਮਾਰਕੀਟ ਦੇ ਇਕ ਵਪਾਰੀ ਗੁਲਸ਼ਨ ਕੁਮਾਰ ਨੂੰ ਇਹ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ, ਜਿਸ ਮਗਰੋਂ ਪੁਲਿਸ ਵਲੋਂ ਭਾਲ ਸ਼ੁਰੂ ਕੀਤੀ ਗਈ ਅਤੇ ਉਕਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰ ਸਵਾਰ ਦੋ ਵਿਅਕਤੀਆਂ ਵਿਰੁੱਧ ਪੁਲਿਸ ਥਾਣਾ ਨੰਗਲ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਦੋਵਾਂ ਨੂੰ ਹੀ ਪੁਲਿਸ ਵਲੋਂ ਗਿ੍ਫਤਾਰ ਵੀ ਕਰ ਲਿਆ ਗਿਆ ਹੈ | ਜਿਨ੍ਹਾਂ ਦੀ ਪਹਿਚਾਣ ਅੰਸ਼ ਹਮੀਦ ਪੁੱਤਰ ਅਬਦੁਲ ਹਮੀਦ ਵਾਸੀ ਮਲੇਰਕੋਟਲਾ ਤੇ ਵਿਸ਼ਾਲ ਪੁੱਤਰ ਕੁੰਦਨ ਲਾਲ ਵਾਸੀ ਬਿਭੋਰ ਸਾਹਿਬ ਵਜੋਂ ਹੋਈ ਹੈ | ਡੀ.ਐਸ.ਪੀ. ਨੇ ਕਿਹਾ ਕਿ ਦੋਵਾ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਉਨ੍ਹਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ | ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਗੁਲਸ਼ਨ ਨੂੰ ਲੁੱਟ ਦੇ ਇਰਾਦੇ ਨਾਲ ਅਗਵਾ ਕੀਤਾ ਗਿਆ ਸੀ | ਡੀ. ਐਸ. ਪੀ. ਨੇ ਦੱਸਿਆ ਕਿ ਦੋਵੇਂ ਪਹਿਲਵਾਨ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ 'ਚ ਪੈਂਦੇ ਪਿੰਡ ਸਨੌਲੀ ਮਜਾਰਾ ਵਿਖੇ ਇਕ ਕੁਸ਼ਤੀ ਲਈ ਆਏ ਹੋਏ ਸਨ, ਪਰ ਉਹ ਨਸ਼ੇ ਦੀ ਹਾਲਤ 'ਚ ਸਨ |
ਵਪਾਰੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਦੋ ਪਹਿਲਵਾਨ ਕਾਰ ਸਮੇਤ ਗਿ੍ਫ਼ਤਾਰ <br/>
ਅਜੀਤ ਡੈਸਕ
03-12-2025