ਸ੍ਰੀ ਅਨੰਦਪੁਰ ਸਾਹਿਬ, 18 ਨਵੰਬਰ (ਜੇ. ਐਸ. ਨਿੱਕੂਵਾਲ)-ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਪੰਥਕ ਤਾਲਮੇਲ ਸੰਗਠਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਅੰਤਰਰਾਸ਼ਟਰੀ ਸੈਮੀਨਾਰ ਵਿਰਾਸਤ-ਏ-ਖ਼ਾਲਸਾ ਆਡੀਟੋਰੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ | ਸੈਮੀਨਾਰ ਦਾ ਮੁੱਖ ਵਿਸ਼ਾ ਗੁਰੂ ਤੇਗ ਬਹਾਦਰ ਜੀ ਮਨੁੱਖੀ ਅਧਿਕਾਰਾਂ ਦੇ ਰਖਵਾਲੇ, ਪ੍ਰਗਟ ਭਏ ਗੁਰੂ ਤੇਗ ਬਹਾਦਰ¨ ਸਗਲ ਸਿ੍ਸਟਿ ਪੈ ਢਾਪੀ ਚਾਦਰ¨ ਰਿਹਾ | ਜਿਸ ਵਿਚ ਜਸਟਿਸ ਅਕਬਰ ਅਨਸਾਰੀ ਸਾਬਕਾ ਚੀਫ਼ ਜੱਜ, ਪਟਨਾ ਹਾਈ ਕੋਰਟ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਨੇ ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੂਹ ਮਨੁੱਖਤਾ ਦੇ ਅਧਿਕਾਰਾਂ ਦੀ ਰਾਖੀ ਦੀ ਮਿਸਾਲ ਹੈ | ਇਸ ਲਈ, ਉਨ੍ਹਾਂ ਦੀ ਸ਼ਹੀਦੀ ਦੇ ਦਿਹਾੜੇ ਨੂੰ ਸੰਯੁਕਤ ਰਾਸ਼ਟਰ ਵਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜੇ ਵਜੋਂ ਐਲਾਨਿਆ ਜਾਣਾ ਚਾਹੀਦਾ ਹੈ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਇਤਿਹਾਸ ਵਿਚ ਹੋਈਆਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਨ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਡਾ. ਸਵਰਾਜ ਸਿੰਘ ਨੇ ਵੱਖ-ਵੱਖ ਦੇਸ਼ਾਂ ਵਿਚ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਅੰਕੜੇ ਪੇਸ਼ ਕੀਤੇ ਅਤੇ ਸਮੂਹ ਵਿਸ਼ਵ ਨੂੰ ਇਸ ਸੰਕਟ ਤੋਂ ਬਾਹਰ ਨਿਕਲਣ ਲਈ ਗੁਰੂ ਤੇਗ ਬਹਾਦਰ ਜੀ ਦੇ ਫਲਸਫ਼ੇ ਤੋਂ ਸਿੱਖਿਆ ਲੈਣ ਲਈ ਆਖਿਆ | ਇਸ ਮੌਕੇ ਜਸਟਿਸ ਰਣਜੀਤ ਸਿੰਘ ਮੁਖੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਡਾ. ਪਿਆਰੇ ਲਾਲ ਗਰਗ ਨੇ ਪੰਜਾਬ ਪੁਲਿਸ ਵਲੋਂ ਬਠਿੰਡਾ ਵਿਚ ਇੱਕ ਨੌਜਵਾਨ ਨਰਿੰਦਰ ਸਿੰਘ ਦੀ ਮੌਤ ਸਬੰਧੀ ਮਾਮਲੇ ਤੇ ਸੰਗਠਨ ਵਲੋਂ ਤਿਆਰ ਕੀਤੀ ਗਈ ਪੜਤਾਲੀਆ ਰਿਪੋਰਟ ਜਾਰੀ ਕੀਤੀ | ਚਰਚਾ ਵਿਚ ਸ਼ਰਫੂਦੀਨ ਸੀਨੀਅਰ ਵਕੀਲ, ਸੁਪਰੀਮ ਕੋਰਟ, ਰਾਜਵਿੰਦਰ ਸਿੰਘ ਬੈਂਸ ਸੀਨੀਅਰ ਵਕੀਲ, ਪੰਜਾਬ ਹਰਿਆਣਾ ਹਾਈਕੋਰਟ ਸਮੇਤ ਸੀਨੀਅਰ ਕਾਨੂੰਨਦਾਨਾਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ | ਤਾਮਿਲ ਸਿੱਖ ਵਕੀਲ ਜੀਵਨ ਸਿੰਘ ਮੱਲ੍ਹਾ ਸਰਬ ਉੱਚ ਅਦਾਲਤ, ਦਿੱਲੀ ਨੇ ਭਾਰਤ ਦੇ ਸਾਰੇ ਦਲਿਤਾਂ ਨੂੰ ਸਿੱਖ ਪੰਥ ਵਿਚ ਸ਼ਾਮਲ ਹੋ ਕੇ ਬੇਗਮਪੁਰੇ ਦੇ ਵਾਸੀ ਬਣਨ ਲਈ ਇੱਕ ਰਾਜਨੀਤਕ ਸੰਦੇਸ਼ ਦਿੱਤਾ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਡਾ. ਖੁਸ਼ਹਾਲ ਸਿੰਘ ਵਲੋਂ ਨਿਭਾਈ ਗਈ | ਸੈਮੀਨਾਰ ਦੇ ਅੰਤ ਵਿਚ ਸਾਰੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ | ਪ੍ਰੋਫੈਸਰ ਸ਼ਾਮ ਸਿੰਘ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਉਹ ਜਸਟਿਸ ਅਨਸਾਰੀ ਵਲੋਂ ਕੀਤੀ ਗਈ ਮੰਗ ਨੂੰ ਅੰਤਰਰਾਸ਼ਟਰੀ ਪੱਧਰਤੇ ਉਠਾਉਣ ਲਈ ਕਦਮ ਚੁੱਕਣਗੇ |