ਮੋਰਿੰਡਾ, 7 ਨਵੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਦੇ ਵਸਨੀਕ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਜਗਦੇਵ ਸਿੰਘ ਭਟੋਆ ਕੌਂਸਲ ਪ੍ਰਧਾਨ, ਗੁਰਮੀਤ ਸਿੰਘ ਸਰਪੰਚ ਪਿੰਡ ਮੜੌਲੀ ਕਲਾਂ, ਰਾਕੇਸ਼ ਸ਼ਰਮਾ ਕੌਂਸਲਰ, ਇੰਦਰਜੀਤ ਸਿੰਘ ਸਰਪੰਚ ਰੰਗੀਆਂ, ਹਰਜੀਤ ਸਿੰਘ ਪ੍ਰਧਾਨ ਗਲੋਬਲ ਸੁਸਾਇਟੀ, ਹਰਜੀਤ ਸਿੰਘ ਗਲੋਬਲ ਇੰਕਲੇਵ, ਨੰਬਰਦਾਰ ਹਰਪ੍ਰੀਤ ਸਿੰਘ, ਬਲਬੀਰ ਸਿੰਘ, ਮਨਪ੍ਰੀਤ ਕੌਰ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਦੀ ਹੱਦ ਦੇ ਨੇੜੇ ਪੈਂਦੇ ਪਿੰਡ ਕਿਸ਼ਨਪੁਰਾ ਅਧੀਨ ਪਿੰਡ ਮੜੌਲੀ ਕਲਾਂ ਨੂੰ ਜਾਂਦੀ ਸੜਕ 'ਤੇ ਲੱਗ ਰਹੀ ਫੈਬਰੀਕੇਸ਼ਨ ਇੰਡਸਟਰੀ ਦੀ ਫੈਕਟਰੀ ਦਾ ਵਿਰੋਧ ਕੀਤਾ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਸ ਸੰਬੰਧੀ ਮੰਗ-ਪੱਤਰ ਵੀ ਦਿੱਤਾ ਹੈ | ਇਸੇ ਸੰਬੰਧ 'ਚ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ 2022 'ਚ ਮੋਰਿੰਡਾ ਅਤੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਇਸ ਇੰਡਸਟਰੀ ਦੇ ਲੱਗਣ ਬਾਰੇ ਪਤਾ ਲੱਗਿਆ ਸੀ, ਜਿਸ ਸੰਬੰਧੀ ਜ਼ਿਲ੍ਹਾ ਟਾਊਨ ਪਲਾਨਰ ਤੇ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਦਫਤਰ ਨੂੰ ਸ਼ਿਕਾਇਤ ਭੇਜੀ ਸੀ | ਜਿਸ ਦੀ ਉਸ ਸਮੇਂ ਪੜਤਾਲ ਵੀ ਕੀਤੀ ਗਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਦਫਤਰ 'ਚ ਅਜਿਹਾ ਕੋਈ ਵੀ ਇੰਡਸਟਰੀ ਲੱਗਣ ਵਾਸਤੇ ਪ੍ਰਸਤਾਵ ਪ੍ਰਾਪਤ ਨਹੀਂ ਹੋਇਆ, ਜੇਕਰ ਕੋਈ ਪ੍ਰਸਤਾਵ ਹੋਵੇਗਾ ਤਾਂ ਉਹ ਸ਼ਿਕਾਇਤਕਰਤਾਵਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੀ ਇੰਡਸਟਰੀ ਲਗਾਈ ਜਾਵੇਗੀ | ਪਰ ਹੁਣ ਚੁੱਪ ਚੁਪੀਤੇ ਹੀ ਇਕ ਫੈਬਰੀਕੇਸ਼ਨ ਦਾ ਉਦਯੋਗ ਲੱਗਣਾ ਵੀ ਸ਼ੁਰੂ ਹੋ ਗਿਆ | ਇਸੇ ਸੰਬੰਧੀ ਹੁਣ ਦੁਬਾਰਾ ਮੋਰਿੰਡਾ ਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸ਼ਿਕਾਇਤ ਕੀਤੀ ਹੈ ਕਿ ਇਹ ਫੈਕਟਰੀ ਬਿਲਕੁਲ ਹੀ ਰਿਹਾਇਸ਼ੀ ਇਲਾਕੇ ਦੇ ਨਾਲ ਲੱਗ ਰਹੀ ਹੈ, ਜਿਸ 'ਚ ਦੋ ਮਨਜੂਰਸ਼ੁਦਾ ਕਾਲੋਨੀਆਂ ਗਲੋਬਲ ਇੰਕਲੇਵ ਤੇ ਪਾਲਮ ਇੰਕਲੇਵ ਹਨ, ਜਿਸ 'ਚ ਹਜ਼ਾਰਾਂ ਲੋਕਾਂ ਦੀ ਵਸੋਂ ਹੈ | ਜੇਕਰ ਇਹ ਇੰਡਸਟਰੀ ਲੱਗ ਜਾਂਦੀ ਹੈ ਤਾਂ ਇਸ ਇਲਾਕੇ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਜਾਵੇਗਾ ਤੇ ਲੋਕਾਂ ਦਾ ਰਹਿਣਾ ਦੁੱਭਰ ਹੋ ਜਾਵੇਗਾ | ਉਪਰੋਕਤ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਇਸ ਉਦਯੋਗ ਦੀ ਉਸਾਰੀ ਨੂੰ ਤੁਰੰਤ ਰੁਕਵਾਇਆ ਜਾਵੇ |