ਨੂਰਪੁਰ ਬੇਦੀ, 7 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂਰਪੁਰ ਬੇਦੀ ਵਲੋਂ ਕੀਤੀ ਕਾਰਵਾਈ ਤਹਿਤ ਪਿੰਡ ਘਾਹੀਮਾਜਰਾ ਦੀ ਗਰਾਮ ਪੰਚਾਇਤ ਦੀ ਗਲੀ 'ਚੋਂ ਬਿਨਾਂ ਕਿਸੇ ਮਨਜ਼ੂਰੀ ਦੇ ਦਰੱਖਤ ਕੱਟਣ ਦੇ ਮਾਮਲੇ 'ਚ ਪਿੰਡ ਦੀ ਮੌਜੂਦਾ ਸਰਪੰਚ ਸਮੇਤ ਚਾਰ ਵਿਅਕਤੀਆਂ ਵਿਰੁੱਧ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਵਲੋਂ ਦਰਜ ਕੀਤੀ ਗਈ ਐਫ. ਆਈ. ਆਰ. ਅਨੁਸਾਰ ਸੁਰਿੰਦਰਪਾਲ ਪੁੱਤਰ ਪਰਸ ਰਾਮ ਵਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਸੀ ਕਿ ਪਿੰਡ ਦੇ ਵਸਨੀਕ ਸੁਰਜੀਤ ਕੁਮਾਰ, ਜੋਗ ਰਾਜ ਪੁੱਤਰ ਭਗਤ ਰਾਮ ਤੇ ਕਰਮਜੀਤ ਪੁੱਤਰ ਜੋਗ ਰਾਜ ਵਲੋਂ ਗਰਾਮ ਪੰਚਾਇਤ ਦੀ ਗਲੀ ਦੇ ਰਕਬੇ 'ਚੋਂ ਦਰੱਖਤ ਬਿਨਾਂ ਮਨਜ਼ੂਰੀ ਦੇ ਚੋਰੀ ਕੱਟ ਲਏ ਗਏ | ਇਸ ਸੰਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂਰਪੁਰ ਬੇਦੀ ਦੇ ਦਫ਼ਤਰ ਵਲੋਂ ਪੱਤਰ ਭੇਜ ਕੇ ਦਰੱਖਤਾਂ ਦੀ ਕਟਾਈ ਰੋਕਣ ਲਈ ਸਰਪੰਚ ਗ੍ਰਾਮ ਪੰਚਾਇਤ ਘਾਹੀ ਮਾਜਰਾ ਸ੍ਰੀਮਤੀ ਨਰਿੰਦਰ ਕੌਰ ਨੂੰ ਲਿਖਿਆ ਗਿਆ ਸੀ ਕਿ ਇਹ ਕਟਾਈ ਤੁਰੰਤ ਰੋਕ ਕੇ ਕੱਟੇ ਗਏ ਦਰੱਖਤਾਂ ਦੀ ਗਿਣਤੀ ਕਰਕੇ ਪਿੰਡ ਦੀ ਸਾਂਝੀ ਥਾਂ ਤੇ ਰੱਖੇ ਜਾਣ ਪਰ ਮੌਜੂਦਾ ਸਰਪੰਚ ਵਲੋਂ ਦਰੱਖਤ ਆਪਣੀ ਨਿਗਰਾਨੀ 'ਚ ਰੱਖਣ ਦੀ ਬਜਾਏ ਦਰੱਖਤ ਕੱਟਣ ਵਾਲੇ ਸੁਰਜੀਤ ਸਿੰਘ ਬਗੈਰਾ ਦੀ ਨਿੱਜੀ ਮਾਲਕੀ 'ਚ ਹੀ ਰੱਖੇ ਗਏ ਸਨ ਅਤੇ ਨਾ ਹੀ ਕੱਟੇ ਗਏ ਦਰੱਖਤਾਂ ਦੀ ਗਿਣਤੀ ਬਾਰੇ ਦਫ਼ਤਰ ਨੂੰ ਕੋਈ ਸੂਚਨਾ ਦਿੱਤੀ ਗਈ ਸੀ, ਜਿਸ ਲਈ ਉਕਤ ਪੱਤਰ 'ਚ ਦਰਜ ਸੁਰਜੀਤ ਕੁਮਾਰ ਜੋਗਰਾਜ ਪੁੱਤਰ ਭਗਤ ਰਾਮ ਤੇ ਕਰਮਜੀਤ ਵਿਰੁੱਧ ਅਤੇ ਸਰਪੰਚ ਦੀ ਮਿਲੀ ਭੁਗਤ ਹੋਣ ਕਾਰਨ ਗ੍ਰਾਮ ਪੰਚਾਇਤ ਨੂੰ ਹੋਏ ਵਿੱਤੀ ਨੁਕਸਾਨ ਦੇ ਦੋਸ਼ ਤਹਿਤ ਬਣਦੀ ਕਾਰਵਾਈ ਕਰਨ ਲਈ ਨੂਰਪੁਰ ਬੇਦੀ ਪੁਲਿਸ ਨੂੰ ਲਿਖਿਆ ਗਿਆ ਸੀ | ਜਿਸ ਤਹਿਤ ਕਾਰਵਾਈ ਕਰਦੇ ਹੋਏ ਸਥਾਨਕ ਪੁਲਿਸ ਨੇ ਸੁਰਜੀਤ ਕੁਮਾਰ, ਜੋਗਰਾਜ ਪੁੱਤਰ ਭਗਤ ਰਾਮ, ਕਰਮਜੀਤ ਪੁੱਤਰ ਜੋਗਰਾਜ ਵਾਸੀਆਨ ਪਿੰਡ ਘਾਹੀਮਾਜਰਾ ਤੇ ਮੌਜੂਦਾ ਸਰਪੰਚ ਪਿੰਡ ਘਾਹੀ ਮਾਜਰਾ ਵਿਰੁੱਧ ਮਾਮਲਾ ਦਰਜ ਕੀਤਾ ਹੈ |