12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

'ਪੀਪਲਜ਼ ਲਿਟਰੇਰੀ ਫ਼ੈਸਟੀਵਲ'ਸਾਹਿਤ ਇਤਿਹਾਸ ਦਾ ਪੂਰਕ, ਦਸਤਾਵੇਜ਼ ਅਤੇ ਵੰਗਾਰ ਹੈ- ਪ੍ਰੋ. ਅਵਿਨਾਸ਼ ਦਿੱਲੀ <br/>

ਅਜੀਤ ਡੈਸਕ 28-12-2025
ਬਠਿੰਡਾ, 27 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਠਵੇਂ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿਚ ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਣ ਲੜੀ ਅਧੀਨ 'ਭਾਰਤੀ ਕੌਮ ਦਾ ਰਾਜਨੀਤਕ ਕਿੱਸਾ, ਸਾਹਿਤਕ ਪਰੰਪਰਾ ਅਤੇ ਇਤਿਹਾਸ-ਚੇਤਨਾ' ਦਾ ਸਵਾਲ 'ਤੇ ਬੋਲਦਿਆਂ ਪ੍ਰਸਿੱਧ ਇਤਿਹਾਸਕਾਰ ਪ੍ਰੋ. ਅਵਿਨਾਸ਼ ਕੁਮਾਰ, ਦਿੱਲੀ ਨੇ ਕਿਹਾ ਕਿ ਇਤਿਹਾਸ ਅਤੇ ਸਾਹਿਤਕ ਪਰੰਪਰਾ ਦਾ ਰਿਸ਼ਤਾ ਪੇਚੀਦਾ ਅਤੇ ਬਹੁਪਰਤੀ ਹੈ¢ ਸਾਹਿਤ ਇਤਿਹਾਸ ਦਾ ਪੂਰਕ ਵੀ ਹੈ, ਦਸਤਾਵੇਜ਼ ਵੀ ਅਤੇ ਇਤਿਹਾਸ ਦੇ ਬਿਆਨੀਏ ਨੂੰ ਵੰਗਾਰਦਾ ਵੀ ਹੈ¢ ਬਸਤੀਵਾਦੀ ਸ਼ਾਸਨ ਦੌਰਾਨ ਹਿੰਦੀ ਦੇ ਬੁੱਧੀਜੀਵੀਆਂ ਨੇ ਇਕ ਆਦਰਸ਼ ਪੁਰਾਤਨਤਾ, ਉਸ ਦਾ ਮੱਧਕਾਲੀ ਨਿਘਾਰ ਅਤੇ ਹੁਣ ਉਸ ਦੀ ਪੁਨਰ ਸਥਾਪਨਾ ਦੀ ਵੰਗਾਰ ਨੂੰ 'ਭਾਰਤੀ ਕੌਮ ਦੀ ਘਾੜਤ ਲਈ ਜ਼ਰੂਰੀ ਅੰਗਿਆ¢ ਪ੍ਰਗਤੀਵਾਦੀ ਦੌਰ ਵਿਚ ਪ੍ਰੇਮ ਚੰਦ, ਮਹਾਂਦੇਵੀ ਵਰਮਾ ਅਤੇ ਹਜ਼ਾਰੀ ਪ੍ਰਸਾਦ ਦਿਵੇਦੀ ਨੇ ਇਸ ਸੱਜੇ ਪੱਖੀ ਘਾੜਤ ਦੇ ਖਿਲਾਫ ਵਿਚਾਰਧਾਰਕ ਪੈਂਤੜਾ ਲਿਆ¢ ਸੈਸ਼ਨ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਵਿਦਵਾਨ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਪੰਜਾਬੀ ਲੋਕਾਧਾਰਾ, ਸਾਹਿਤ ਅਤੇ ਕਵਿਤਾ ਨੂੰ ਵੀ ਲੁਕਾਈ ਦੇ ਇਤਿਹਾਸ ਵਜੋਂ ਪੜਿਆ ਜਾ ਸਕਦਾ ਹੈ¢ ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਹਾਜ਼ਰ ਵਿਦਵਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ¢ਦੂਜੇ ਸੈਸ਼ਨ ਵਿਚ ਪ੍ਰੋ. ਕਿਸ਼ਨ ਸਿੰਘ ਦੀ 1967 ਦੀ ਲਿਖਤ 'ਪੰਜਾਬੀ ਸੂਬੇ ਵਿਚ ਰਾਜਸੀ ਸੇਧ' ਉਤੇ ਭਰਵੀਂ ਚਰਚਾ ਹੋਈ¢ ਅਰਥਸ਼ਾਸਤਰੀ ਡਾ. ਬਲਦੇਵ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਕਿਸਾਨਾਂ ਦੀ ਇਤਿਹਾਸਕ ਸਿਮਰਤੀ ਵਿਚ ਸਿੱਖ ਲਹਿਰ ਦੇ ਇਨਕਲਾਬੀ ਚਰਿੱਤਰ ਪ੍ਰਤੀ ਭਰਵਾਂ ਵੇਗ ਹੈ ਅਤੇ ਪ੍ਰੋ. ਕਿਸ਼ਨ ਸਿੰਘ ਇਸ ਵੇਗ ਨੂੰ ਇਨਕਲਾਬੀ ਸਿਆਸਤ ਦੇ ਆਧਾਰ ਵਜੋਂ ਪ੍ਰਮਾਣਿਤ ਕਰਦੇ ਹਨ¢ ਅਦਾਰਾ 23 ਮਾਰਚ ਦੇ ਨਿਰਦੇਸ਼ਕ ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਅਜੋਕੇ ਫਾਸ਼ੀਵਾਦੀ ਦੌਰ ਵਿਚ ਇਕ ਪਾਸੇ ਲੋਕ ਲਹਿਰਾਂ ਦਾ ਉਠਣਾ ਲਾਜ਼ਮੀ ਹੋ ਗਿਆ ਹੈ ਅਤੇ ਦੂਜੇ ਪਾਸੇ ਮਾਰਕਸਵਾਦੀ ਧਿਰਾਂ ਵੱਡੀ ਖੜੋਤ ਵਿਚ ਹਨ¢ ਪੰਜਾਬ ਦੀ ਸਥਾਨਕਤਾ ਅਤੇ ਸਿਮਰਤੀ ਦੀ ਲੋਕ ਹਿੱਤੂ ਵਿਆਖਿਆ ਖੜੀ ਕਰਨੀ ਇਸ ਸਮੇਂ ਬੁਨਿਆਦੀ ਰਾਜਸੀ ਕਾਰਜ ਹੈ ਅਤੇ ਇਸ ਸੰਦਰਭ ਵਿਚ ਪ੍ਰੋ. ਕਿਸ਼ਨ ਸਿੰਘ ਦੀਆਂ ਲਿਖਤਾਂ ਨੂੰ ਮੁੜ ਵਾਚਣਾ ਸਾਰੀਆਂ ਧਿਰਾਂ ਦੀ ਅਣਸਰਦੀ ਲੋੜ ਹੈ¢ ਚਰਚਾ ਵਿਚ ਪ੍ਰੋ. ਇਕਬਾਲ ਸਿੰਘ, ਲਵਪ੍ਰੀਤ ਫੋਰੋਕੇ, ਅਮਨ ਸੇਖੋਂ, ਗੁਰਦੇਵ ਸਿੰਘ ਗਿੱਲ, ਬਲਵਿੰਦਰ ਸਿੰਘ, ਲਾਲ ਚੰਦ ਸਿੰਘ ਅਤੇ ਹੋਰਨਾਂ ਨੇ ਪੰਜਾਬੀ ਬੋਲੀ ਅਤੇ ਲਿਪੀ, ਹਿੰਦੂ ਬੁਰਜੂਆਜ਼ੀ, ਮਾਰਕਸਵਾਦੀ ਵਿਸ਼ਲੇਸ਼ਣ ਬਾਬਤ ਆਪਣੇ ਅਹਿਮ ਨੁਕਤੇ ਰੱਖੇ¢


ਪਿਛਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ <br/> ਅਗਲੀ ਖ਼ਬਰ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ 'ਚ 60 ਬੱਚਿਆਂ ਨੇ ਲਿਆ ਭਾਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।