08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਿੰਡ ਫੁੱਲੋ ਮਿੱਠੀ ਦਾ ਖੇਡ ਗਰਾਊਂਡ ਬਣਨ ਤੋਂ ਪਹਿਲਾਂ ਹੀ ਰਾਜਨੀਤੀ ਦਾ ਅਖਾੜਾ ਬਣਨ ਲੱਗਿਆ

ਅਜੀਤ ਡੈਸਕ 21-07-2025

ਸੰਗਤ ਮੰਡੀ, 20 ਜੁਲਾਈ (ਸੁਖਤੇਜ ਧਾਲੀਵਾਲ)-ਬਠਿੰਡਾ ਦਿਹਾਤੀ ਦੇ ਪਿੰਡ ਫੁੱਲੋ ਮਿੱਠੀ ਦਾ ਖੇਡ ਗਰਾਊਂਡ ਬਣਨ ਤੋਂ ਪਹਿਲਾਂ ਹੀ ਰਾਜਨੀਤੀ ਦਾ ਅਖਾੜਾ ਬਣਨ ਲੱਗਿਆ ਹੈ, ਜਿਸ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ 'ਤੇ ਗਰਾਊਂਡ 'ਚ ਅੜਿੱਕਾ ਢਾਹੁਣ ਦੇ ਦੋਸ਼ ਲਗਾਏ ਹਨ। ਪਿੰਡ ਦੇ ਨੌਜਵਾਨਾਂ ਨੇ ਕਿਹਾ ਸਰਕਾਰ ਵਲੋਂ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡਾਂ ਅੰਦਰ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ ਅਤੇ ਪਿੰਡ ਪੰਚਾਇਤਾਂ ਨੂੰ ਇਨ੍ਹਾਂ ਖੇਡ ਸਟੇਡੀਅਮ ਨੂੰ ਬਣਾਉਣ ਲਈ ਗਰਾਂਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਕੜੀ ਦੇ ਤਹਿਤ ਪੰਜਾਬ ਸਰਕਾਰ ਵਲੋਂ ਪਿੰਡ ਫੁੱਲੋ ਮਿੱਠੀ ਦੇ ਖੇਡ ਗਰਾਊਂਡ ਬਣਾਉਣ ਲਈ ਵੀ ਗ੍ਰਾਂਟ ਜਾਰੀ ਕੀਤੀ ਗਈ ਹੈ। ਪਰ ਇਸ ਖੇਡ ਗਰਾਊਂਡ ਨੂੰ ਬਣਾਉਣ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ, ਜਿਸ ਨੂੰ ਲੈ ਕੇ ਪਿੰਡ ਦੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕਿ ਬਲਾਕ ਪ੍ਰਧਾਨ 'ਤੇ ਖੇਡ ਗਰਾਊਂਡ ਬਣਾਉਣ 'ਚ ਅੜਿੱਕਾ ਲਗਾਉਣ ਦੇ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਭਾਵੇਂ ਬਲਾਕ ਪ੍ਰਧਾਨ ਵਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਝੂਠਾ ਤੇ ਬੇਬੁਨਿਆਦ ਦੱਸਿਆ ਗਿਆ ਹੈ। ਪਿੰਡ ਦੇ ਨੌਜਵਾਨ ਯਾਦਵਿੰਦਰ ਸਿੰਘ ਤੇ ਹਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਪਿੰਡ ਦੇ ਇਕ ਪਾਸੇ ਸਕੂਲ ਨਾਲ ਪਈ ਖਾਲੀ ਥਾਂ ਵਿਚ ਖੇਡਦੇ ਸਨ ਕੁੱਝ ਸਮਾਂ ਪਹਿਲਾਂ ਸਕੂਲ ਦੀ ਚਾਰਦੀਵਾਰੀ ਕਰ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦਾ ਖੇਡਣਾ ਬੰਦ ਹੋ ਗਿਆ। ਉਸ ਤੋਂ ਬਾਅਦ ਨੌਜਵਾਨਾਂ ਵਲੋਂ ਸਕੂਲ ਨਾਲ ਪਿੰਡ ਦੀ ਸਾਂਝੀ ਪਈ ਥਾਂ 'ਚ ਆਪਣੇ ਪੱਲਿਓਂ ਤਿੰਨ ਲੱਖ ਦੇ ਕਰੀਬ ਰੁਪਏ ਖ਼ਰਚ ਕਰਕੇ ਮਿੱਟੀ ਪਾ ਕੇ ਗਰਾੳਂੂਡ ਤਿਆਰ ਕਰ ਦਿੱਤਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ 'ਤੇ ਦੋਸ਼ ਲਾਏ ਕਿ ਉਸ ਵਲੋਂ ਗਰਾਉਂਡ ਬਣਾਉਣ 'ਚ ਅੜਿੱਕਾ ਡਾਹਿਆ ਜਾ ਰਿਹਾ ਹੈ, ਜਦ ਕਿ ਸਾਰਾ ਪਿੰਡ ਗਰਾਊਂਡ ਬਣਾਉਣ ਲਈ ਸਹਿਮਤ ਹੈ ਤੇ 'ਆਪ' ਆਗੂ ਇਕੱਲਾ ਹੀ ਨਾਰਾਜ਼ਗੀ ਜਤਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰਾਊਂਡ ਸੜਕ ਨਾਲੋਂ ਲਗਪਗ ਅੱਧਾ ਫੁੱਟ ਨੀਂਵਾਂ ਹੈ ਮੀਂਹ ਦਾ ਪਾਣੀ ਗਰਾਊਂਡ 'ਚੋਂ ਹੋ ਕੇ ਛੱਪੜਾਂ 'ਚ ਪੈ ਰਿਹਾ ਹੈ।
ਮੈਂ ਗਰਾਊਂਡ ਰੋਕਣ ਵਾਲਿਆਂ 'ਚ ਨਹੀਂ ਬਲਕਿ ਬਣਾਉਣ ਵਾਲਿਆਂ 'ਚੋਂ ਹਾਂ-ਪ੍ਰਧਾਨ
ਇਹ ਬਾਰੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ ਨੇ ਕਿਹਾ ਕਿ ਉਹ ਗਰਾਊਂਡ ਰੋਕਣ ਵਾਲਿਆਂ 'ਚੋਂ ਨਹੀਂ ਸਗੋਂ ਬਣਾਉਣ ਵਾਲਿਆਂ ਵਿਚੋਂ ਹਨ। ਉਨ੍ਹਾਂ ਦੱਸਿਆ ਕਿ ਜਿਥੇ ਨੌਜਵਾਨਾਂ ਵਲੋਂ ਹੁਣ ਖੇਡ ਗਰਾਊਂਡ ਬਣਾਇਆ ਗਿਆ ਹੈ, ਉਹ ਛੱਪੜ ਦੀ ਥਾਂ ਸੀ ਜਿਥੇ ਪਿੰਡ ਦੇ ਘਰਾਂ 'ਚੋਂ ਮੀਂਹ ਤੇ ਨਿਕਾਸੀ ਦਾ ਪਾਣੀ ਆ ਕੇ ਪੈਂਦਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਸੰਗਤ ਬਲਾਕ ਦੇ ਬੀ. ਡੀ. ਪੀ. ਓ. ਤੇ ਪੰਚਾਇਤ ਨੂੰ ਲਿਖ ਕੇ ਦਿੱਤਾ ਗਿਆ ਸੀ ਕਿ ਮਿੱਟੀ ਦੀ ਭਰਤ ਪਾਉਣ ਸਮੇਂ ਗਰਾਊਂਡ ਸੜਕ ਨਾਲੋਂ ਇਕ ਡੇਢ ਫੁੱਟ ਨੀਵਾਂ ਰੱਖਿਆ ਜਾਵੇਗਾ ਜੋ ਉੱਚਾ ਕਰ ਦਿੱਤਾ ਗਿਆ ਹੈ ਜਿਸ ਨਾਲ ਮੀਂਹ ਦਾ ਪਾਣੀ ਛੱਪੜਾਂ 'ਚ ਪੈਣ ਦੀ ਬਜਾਏ ਆਸ-ਪਾਸ ਰਹਿੰਦੇ ਲੋਕਾਂ ਦੇ ਘਰਾਂ ਤੇ ਫ਼ਸਲਾਂ ਵਿਚ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ, ਜੇਕਰ ਗਰਾਊਂਡ ਸੜਕ ਨਾਲੋਂ ਨੀਵਾਂ ਬਣਦਾ ਹੈ ਤਾਂ ਮੀਂਹ ਦਾ ਪਾਣੀ ਗਰਾਊਂਡ 'ਚੋਂ ਦੀ ਲੰਘ ਕੇ ਅੱਗੇ ਛੱਪੜਾਂ 'ਚ ਪੈਣ ਨਾਲ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਣ ਤੋਂ ਬਚ ਜਾਵੇਗਾ।

ਪਿਛਲੀ ਖ਼ਬਰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਜਾਗਰੂਕਤਾ ਜ਼ਰੂਰੀ-ਐੱਸ. ਡੀ. ਐੱਮ. ਅਗਲੀ ਖ਼ਬਰ ਹਲਕਾ ਵਿਧਾਇਕ ਨੇ ਮੀਟਿੰਗ ਦੌਰਾਨ ਗੋਨਿਆਣਾ ਮੰਡੀ 'ਚ ਵਿਕਾਸ ਦੇ ਕੰਮ ਜਲਦੀ ਕਰਵਾਏ ਜਾਣ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।