ਲਾਲੜੂ, 9 ਦਸੰਬਰ (ਰਾਜਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪੰਚਾਇਤੀ ਰਾਜ ਸੰਸਥਾ ਚੋਣਾਂ ਦੇ ਮੁੱਦੇ 'ਤੇ ਘੇਰਦਿਆਂ ਕਿਹਾ ਕਿ ਜੇਕਰ ਸਰਕਾਰ ਨੂੰ ਆਪਣੇ ਕੀਤੇ ਗਏ ਵਿਕਾਸ ਕਾਰਜਾਂ 'ਤੇ ਇੰਨਾ ਭਰੋਸਾ ਹੈ ਤਾਂ ਸਰਕਾਰੀ ਮਸ਼ੀਨਰੀ ਦਾ ਸਹਾਰਾ ਲਏ ਬਿਨਾਂ ਚੋਣ ਮੈਦਾਨ 'ਚ ਉਤਰ ਕੇ ਦੇਖੇ, ਕਿਉਂਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ | ਸਾਬਕਾ ਵਿਧਾਇਕ ਸ਼ਰਮਾ ਅੱਜ ਸਰਸੀਣੀ ਜ਼ੋਨ ਦੀ ਉਮੀਦਵਾਰ ਭੁਪਿੰਦਰ ਕੌਰ ਦੇ ਹੱਕ 'ਚ ਪ੍ਰਚਾਰ ਕਰ ਰਹੇ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਉਹ ਕਈ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ, ਜਿਥੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ 'ਚ ਲੋਕ 'ਆਪ' ਉਮੀਦਵਾਰਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ, ਪਰ ਨਿਰਪੱਖ ਚੋਣਾਂ ਕਰਵਾਉਣ ਦੀ ਬਜਾਏ ਸਰਕਾਰ ਲੋਕਾਂ 'ਤੇ ਦਬਾਅ ਪਾਉਣ ਲਈ ਪ੍ਰਸ਼ਾਸਨਿਕ ਮਸ਼ੀਨਰੀ ਦੀ ਵਰਤੋਂ ਕਰ ਰਹੀ ਹੈ ਜੋ ਕਿ ਲੋਕਤੰਤਰ ਵਿਚ ਸਹੀ ਨਹੀਂ ਹੈ | ਇਸ ਦੌਰਾਨ ਸ਼ਰਮਾ ਨੇ ਪਿੰਡ ਖਜੂਰ ਮੰਡੀ, ਟਿਵਾਣਾ, ਸਾਧਾਂਪੁਰ, ਡੰਗਡੇਹਰਾ, ਝਰਮੜੀ, ਸੰਗੋਥਾ, ਜੜੌਤ, ਬਟੌਲੀ, ਕੁਰਲੀ, ਸਿਤਾਰਪੁਰ, ਧਰਮਗੜ੍ਹ, ਰਾਮਗੜ੍ਹ ਰੁੜਕੀ ਆਦਿ ਪਿੰਡਾਂ ਵਿਚ ਵੀ ਚੋਣ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੁੜਨ ਲਈ ਲਾਮਬੰਦ ਕੀਤਾ | ਇਸ ਮੌਕੇ ਅਕਾਲੀ ਆਗੂ ਸ਼ਿਵਦੇਵ ਕੁਰਲੀ, ਗੁਰਵਿੰਦਰ ਹਸਨਪੁਰ, ਬੁੱਲੂ ਰਾਣਾ, ਮਨਜੀਤ ਮਲਕਪੁਰ, ਕੇਸਰ ਸਿੰਘ ਸਰਪੰਚ, ਬਿਕਰਮ ਸਿੰਘ ਸਰਪੰਚ, ਬਲਜਿੰਦਰ ਸਿੰਘ, ਮਲਕੀਤ ਸਿੰਘ, ਜਗਜੀਤ ਸਿੰਘ, ਭਰਪੂਰ ਸਿੰਘ, ਗੁਰਜੀਤ ਸਿੰਘ ਕੁਰਲੀ, ਜਗਜੀਤ ਸਿੰਘ, ਵਿੱਕੀ ਡੈਹਰ ਸਮੇਤ ਕਈ ਪਤਵੰਤੇ ਹਾਜ਼ਰ ਸਨ |