ਚੰਡੀਗੜ੍ਹ, 9 ਦਸੰਬਰ (ਬਲਜਿੰਦਰ ਸਿੰਘ ਹਾਂਡਾ)-ਭਿ੍ਸ਼ਟਾਚਾਰ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਸਭ ਤੋਂ ਵੱਡੀ ਰੁਕਾਵਟ ਹੈ ਅਤੇ ਇਕ ਲਾਇਲਾਜ ਬਿਮਾਰੀ ਹੈ ਜੋ ਸਮਾਜ ਦੀਆਂ ਜੜ੍ਹਾਂ ਨੂੰ ਖੋਰਾ ਲਗਾਉਂਦੀ ਹੈ | ਅੰਤਰਰਾਸ਼ਟਰੀ ਭਿ੍ਸ਼ਟਾਚਾਰ ਵਿਰੋਧੀ ਦਿਵਸ ਹਰ ਸਾਲ 9 ਦਸੰਬਰ ਨੂੰ ਮਨਾਇਆ ਜਾਂਦਾ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਕ ਪਾਰਦਰਸ਼ੀ ਤੇ ਨਿਆਂਪੂਰਨ ਸਮਾਜ ਦੀ ਉਸਾਰੀ ਨਾ ਸਿਰਫ਼ ਸਰਕਾਰੀ ਨੀਤੀਆਂ ਰਾਹੀਂ, ਸਗੋਂ ਸਮੂਹਿਕ ਨਾਗਰਿਕ ਚੇਤਨਾ ਰਾਹੀਂ ਵੀ ਸੰਭਵ ਹੈ | ਅੰਤਰਰਾਸ਼ਟਰੀ ਭਿ੍ਸ਼ਟਾਚਾਰ ਵਿਰੋਧੀ ਦਿਵਸ ਦੇ ਮੌਕੇ 'ਤੇ, ਐਂਟੀ-ਕਰੱਪਸ਼ਨ ਫਾਊਾਡੇਸ਼ਨ ਆਫ ਇੰਡੀਆ ਨੇ ਸੈਕਟਰ 47 ਦੇ ਕੋੜ੍ਹ ਘਰ ਵਿਚ ਰਹਿ ਰਹੇ ਪਰਿਵਾਰਾਂ ਨੂੰ ਗਰਮ ਕੱਪੜੇ ਅਤੇ ਫਲ ਵੰਡੇ | ਫਾਊਾਡੇਸ਼ਨ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਕਿਰਪਾਲ ਸਿੰਘ ਕਟਾਰੀਆ, ਰਵਿੰਦਰ ਨਾਥ, ਗੁਰਮੀਤ ਸਿੰਘ ਕਾਕਾ, ਪੂਜਾ ਬਖਸ਼ੀ ਤੇ ਅਜੈ ਕੁਮਾਰ ਵੀ ਮੌਜੂਦ ਸਨ | ਐਂਟੀ-ਕਰੱਪਸ਼ਨ ਫਾਊਾਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਕਿਰਪਾਲ ਸਿੰਘ ਕਟਾਰੀਆ ਅਤੇ ਪੂਜਾ ਬਖਸ਼ੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਿ੍ਸ਼ਟਾਚਾਰ ਵਿਰੋਧੀ ਦਿਵਸ ਦੇ ਮੌਕੇ 'ਤੇ, ਸਮਾਜ ਸੇਵਾ ਦੇ ਹਿੱਸੇ ਵਜੋਂ ਕੁਸ਼ਟ ਆਸ਼ਰਮ 'ਚ ਗਰਮ ਕੱਪੜੇ ਤੇ ਫਲ ਵੰਡੇ ਗਏ | ਸੰਸਥਾ ਦਾ ਉਦੇਸ਼ ਭਾਰਤ ਨੂੰ ਭਿ੍ਸ਼ਟਾਚਾਰ ਮੁਕਤ ਬਣਾਉਣਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੈ, ਪਰ ਇਹ ਉਨ੍ਹਾਂ ਦੀ ਮੁੱਖ ਭੂਮਿਕਾ ਨਹੀਂ ਹੈ ਸਗੋਂ ਇਕ ਸਹਾਇਕ ਗਤੀਵਿਧੀ ਹੈ | ਉਨ੍ਹਾਂ ਕਿਹਾ ਕਿ ਸਮਾਜ ਨੂੰ ਭਿ੍ਸ਼ਟਾਚਾਰ ਵਿਰੋਧੀ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਨੂੰ ਖਤਮ ਕਰਨ ਲਈ ਸਾਨੂੰ ਖੁਦ ਪਹਿਲ ਕਰਨੀ ਚਾਹੀਦੀ ਹੈ | ਜੇਕਰ ਅਸੀਂ ਇਸ ਵਿਰੁੱਧ ਇਕਜੁੱਟ ਹੋ ਕੇ ਲੜਦੇ ਹਾਂ, ਤਾਂ ਅਸੀਂ ਜਲਦੀ ਹੀ ਭਾਰਤ ਨੂੰ ਭਿ੍ਸ਼ਟਾਚਾਰ ਮੁਕਤ ਰਾਸ਼ਟਰ ਬਣਾਉਣ ਦੇ ਯੋਗ ਹੋਵਾਂਗੇ |