ਜ਼ੀਰਕਪੁਰ, 9 ਦਸੰਬਰ (ਮਨਿੰਦਰ ਸਿੰਘ)-ਲਾਪ੍ਰਵਾਹੀ ਤੇ ਤੇਜ਼ ਰਫ਼ਤਾਰੀ ਨੇ ਇਕ ਹੋਰ ਵਿਅਕਤੀ ਨੂੰ ਅਪਾਹਜ਼ ਬਣਾ ਦਿੱਤਾ ਹੈ | ਇਸ ਹਾਦਸੇ 'ਚ ਜ਼ਖ਼ਮੀ ਹੋਏ 52 ਸਾਲਾ ਭਰਤ ਸ਼ਰਮਾ ਦੀ ਡਾਕਟਰਾਂ ਨੂੰ ਲੱਤ ਕੱਟਣੀ ਪਈ | ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਬ੍ਰੇਜ਼ਾ ਕਾਰ ਦੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪਿੰਡ ਖਾਨਪੁਰ ਬ੍ਰਾਹਮਣ ਨਾਰਾਇਣਗੜ੍ਹ (ਅੰਬਾਲਾ) ਦੇ ਰਹਿਣ ਵਾਲੇ ਪੀੜਤ ਭਰਤ ਸ਼ਰਮਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਹਾਦਸੇ ਵਾਲੇ ਦਿਨ ਸਵੇਰੇ ਲਗਪਗ 11 ਵਜੇ ਉਹ ਡੇਰਾਬੱਸੀ ਤੋਂ ਢਕੌਲੀ ਜਾ ਰਿਹਾ ਸੀ | ਇਸੇ ਦੌਰਾਨ ਪਿੰਡ ਸਨੌਲੀ ਨੇੜੇ ਪੀਰ ਬਾਬਾ ਸਮਾਧੀ ਵਾਲੀ ਸੜਕ 'ਤੇ ਇਕ ਚਿੱਟੇ ਰੰਗ ਦੀ ਬ੍ਰੇਜ਼ਾ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਿਆਂ ਉਸ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਸੱਜੀ ਲੱਤ ਤੇ ਸਰੀਰ ਦੇ ਕਈ ਹੋਰਨਾਂ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ | ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਢਕੌਲੀ ਵਿਖੇ ਪਹੁੰਚਾਇਆ, ਪਰ ਹਾਲਤ ਗੰਭੀਰ ਹੋਣ ਕਾਰਨ ਉਥੋਂ ਉਸ ਨੂੰ ਪਹਿਲਾਂ ਜੀ. ਐਮ. ਸੀ. ਐਚ-32 ਚੰਡੀਗੜ੍ਹ ਤੇ ਉਸ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ | ਡਾਕਟਰਾਂ ਨੇ ਦੱਸਿਆ ਕਿ ਸੱਟਾਂ ਇੰਨੀਆਂ ਡੂੰਘੀਆਂ ਤੇ ਗੰਭੀਰ ਸਨ ਕਿ ਉਸ ਦੀ ਸੱਜੀ ਲੱਤ ਕੱਟਣੀ ਪਈ | ਪੀੜਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਪਹਿਲਾਂ ਬਿਆਨ ਦਰਜ ਨਹੀਂ ਕੀਤੇ ਜਾ ਸਕੇ | ਬਿਆਨਾਂ ਤੇ ਤੱਥਾਂ ਦੇ ਆਧਾਰ 'ਤੇ ਪੁਲਿਸ ਨੇ ਫ਼ਰਾਰ ਕਾਰ ਚਾਲਕ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਕਾਰ ਤੇ ਚਾਲਕ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲੀ ਜਾ ਰਹੀ ਹੈ |