ਐੱਸ. ਏ. ਐੱਸ. ਨਗਰ, 8 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਲਈ ਪ੍ਰਸ਼ਨ-ਪੱਤਰ ਤਿਆਰ ਕਰਨ ਲਈ ਕੋਰੋਨਾ ਕਾਲ ਤੋਂ ਪਹਿਲਾਂ ਚਲਦੀ ਪ੍ਰਥਾ ਨੂੰ ਭਵਿੱਖ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ (ਅਕਾਦਮਿਕ ਸੈਸ਼ਨ 2025-26) ਵਿਚ ਲਾਗੂ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ | ਇਸ ਸੰਬੰਧ 'ਚ ਸਿੱਖਿਆ ਬੋਰਡ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਕਾਦਮਿਕ ਸੈਸ਼ਨ 2025-26 ਦੀ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਦੇ ਪ੍ਰਸ਼ਨ-ਪੱਤਰਾਂ ਦੀ ਬਣਤਰ ਵਿਚ ਕੁਝ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ | ਪ੍ਰਸ਼ਨ-ਪੱਤਰਾਂ ਵਿਚ ਓਬਜ਼ੈਕਟਿਵ ਕਿਸਮ ਦੇ ਪ੍ਰਸ਼ਨਾਂ ਦੀ ਗਿਣਤੀ 40 ਫ਼ੀਸਦੀ ਤੋਂ ਘਟਾ ਕੇ 25 ਫ਼ੀਸਦੀ ਕਰ ਦਿੱਤੀ ਗਈ ਹੈ | ਪ੍ਰਸ਼ਨ-ਪੱਤਰਾਂ ਵਿਚ ਪਹਿਲਾਂ 100 ਫ਼ੀਸਦੀ ਹੀ ਪ੍ਰਸ਼ਨ ਪਾਠ-ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ-ਬੈਂਕ 'ਚੋਂ ਪਾਏ ਜਾਂਦੇ ਸਨ, ਨੂੰ ਹੁਣ ਅਕਾਦਮਿਕ ਸਾਲ 2025-26 ਵਿਚ ਬਦਲਦੇ ਹੋਏ ਘੱਟੋ-ਘੱਟ 25 ਫ਼ੀਸਦੀ ਪ੍ਰਸ਼ਨ ਪਾਠ-ਪੁਸਤਕਾਂ ਦੀ ਵਿਸ਼ਾ ਵਸਤੂ 'ਚੋਂ ਭਾਵ ਅਭਿਆਸਾ ਤੋਂ ਇਲਾਵਾ ਪਾਠ 'ਚੋਂ ਪਾਉਣੇ ਲਾਜ਼ਮੀ ਕੀਤੇ ਗਏ ਹਨ ਅਤੇ ਬਾਕੀ 75 ਫ਼ੀਸਦੀ ਪ੍ਰਸ਼ਨ ਪਾਠ-ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ-ਬੈਂਕ 'ਚੋਂ ਪਾਏ ਜਾਣਗੇ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਦਾ ਪੱਧਰ ਹੋਰ ਉੱਚਾ ਕਰਨ ਦੇ ਮੰਤਵ ਨਾਲ ਪ੍ਰਸ਼ਨ-ਪੱਤਰ ਦੀ ਮੁਸ਼ਕਿਲ ਪੱਧਰ ਦੀ ਵੰਡ ਜੋ ਕਿ ਪਿਛਲੇ ਸਾਲਾਂ ਦੌਰਾਨ 40 ਫ਼ੀਸਦੀ ਔਸਤ ਤੋਂ ਘੱਟ, 40 ਫ਼ੀਸਦੀ ਔਸਤ ਅਤੇ 20 ਫ਼ੀਸਦੀ ਔਸਤ ਤੋਂ ਵੱਧ ਸੀ, ਨੂੰ ਬਦਲਦੇ ਹੋਏ ਹੁਣ 30 ਫ਼ੀਸਦੀ ਔਸਤ ਤੋਂ ਘੱਟ, 40 ਫ਼ੀਸਦੀ ਔਸਤ ਅਤੇ 30 ਫ਼ੀਸਦੀ ਔਸਤ ਤੋਂ ਵੱਧ ਕਰ ਦਿੱਤਾ ਗਿਆ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਪ ਸਕੱਤਰ ਅਕਾਦਮਿਕ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਨੂੰ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰਾਂ ਸੰਬੰਧੀ ਇਹ ਜਾਣਕਾਰੀ ਆਪਣੇ ਜ਼ਿਲ੍ਹੇ ਵਿਚ ਬੋਰਡ ਸ਼੍ਰੇਣੀਆਂ ਨੂੰ ਪੜ੍ਹਾ ਰਹੇ ਸਾਰੇ ਅਧਿਆਪਕਾਂ ਨੂੰ ਨੋਟ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਉਹ ਆਪਣੇ ਵਿਦਿਆਰਥੀਆਂ ਨੂੰ ਉਕਤ ਪੈਟਰਨ ਅਨੁਸਾਰ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਵਾ ਸਕਣ |