ਚੰਡੀਗੜ੍ਹ, 8 ਦਸੰਬਰ (ਸੰਦੀਪ ਕੁਮਾਰ ਮਾਹਨਾ)-ਲੰਮੇ ਰਾਜ ਨਾਇਕ ਤਜਰਬੇ ਵਾਲੀ ਅਲਬਾ ਸਮੈਰੀਗਲੀਓ ਨੇ ਚੰਡੀਗੜ੍ਹ 'ਚ ਯੂ. ਕੇ. ਦੇ ਡਿਪਟੀ ਹਾਈ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਹੈ | ਉਹ ਹੁਣ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਲਈ ਯੂਨਾਈਟਿਡ ਕਿੰਗਡਮ ਦੀ ਨੁਮਾਇੰਦਗੀ ਕਰੇਗੀ | ਅਲਬਾ ਸਮੈਰੀਗਲੀਓ ਇਸ ਤੋਂ ਪਹਿਲਾਂ ਲੰਡਨ ਸਮੇਤ ਕਈ ਦੇਸ਼ਾਂ 'ਚ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲ ਚੁੱਕੀ ਹੈ | ਉਨ੍ਹਾਂ ਦੀਆਂ ਪਹਿਲਾਂ ਦੀਆਂ ਤਾਇਨਾਤੀਆਂ 'ਚ ਮੌਂਟਸੇਰਾਟ ਵੀ ਸ਼ਾਮਿਲ ਹੈ, ਜਿਥੇ ਉਹ ਪ੍ਰੋਗਰਾਮ ਤੇ ਦਫ਼ਤਰ ਮੁਖੀ ਵਜੋਂ ਸੇਵਾ ਨਿਭਾਉਂਦੀ ਰਹੀ | ਇਨ੍ਹਾਂ ਦੇ ਨਾਲ ਉਹ ਕੈਰੇਬੀਅਨ ਖੇਤਰ ਤੇ ਦੱਖਣੀ ਏਸ਼ੀਆ ਵਿਚ ਵੀ ਅਹਿਮ ਭੂਮਿਕਾਵਾਂ ਨਿਭਾ ਚੁੱਕੀ ਹੈ | ਲੰਡਨ 'ਚ ਆਪਣੇ ਕਾਰਜਕਾਲ ਦੌਰਾਨ ਅਲਬਾ ਨੇ ਆਰਥਿਕ ਵਿਕਾਸ, ਲੋਕਤੰਤਰਿਕ ਪ੍ਰਬੰਧਨ, ਸੁਰੱਖਿਆ ਸਹਿਯੋਗ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਕਈ ਨੀਤੀਗਤ ਖੇਤਰਾਂ ਵਿਚ ਕੰਮ ਕੀਤਾ ਹੈ | ਸਿਆਸੀ ਤੇ ਪ੍ਰਸ਼ਾਸਕੀ ਮਾਮਲਿਆਂ ਵਿਚ ਉਸ ਦਾ ਤਜਰਬਾ ਯੂ. ਕੇ. ਦੇ ਚੰਡੀਗੜ੍ਹ ਦਫ਼ਤਰ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਅਲਬਾ ਨੇ ਲੰਡਨ ਸਕੂਲ ਆਫ਼ ਈਕਾਨਾਮਿਕਸ ਐਂਡ ਪਾਲਿਟਿਕਲ ਸਾਇੰਸ ਤੋਂ ਅੰਤਰਰਾਸ਼ਟਰੀ ਵਿਕਾਸ ਵਿਚ ਬੀ. ਐਸ. ਸੀ., ਯੂਨੀਵਰਸਿਟੀ ਆਫ਼ ਐਬਰਡਿਨ ਤੋਂ ਐਮ. ਏ. ਤੇ ਯੂਨੀਵਰਸਿਟੀ ਆਫ਼ ਸਿਏਨਾ ਤੋਂ ਸਿਆਸਤ ਵਿਦਿਆ ਵਿਚ ਡਿਗਰੀ ਪ੍ਰਾਪਤ ਕੀਤੀ ਹੋਈ ਹੈ | ਇਨ੍ਹਾਂ ਤਾਇਨਾਤੀਆਂ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਚੰਡੀਗੜ੍ਹ ਤੇ ਤਾਲਮੇਲ ਵਾਲੇ ਸੂਬਿਆਂ ਨਾਲ ਯੂ. ਕੇ. ਦੇ ਰਿਸ਼ਤਿਆਂ 'ਚ ਹੋਰ ਮਜ਼ਬੂਤੀ ਆਏਗੀ |