11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸ਼ਹੀਦਾਂ ਨੂੰ ਨਮਨ ਕਰਦਿਆਂ ਡੀ. ਸੀ. ਕੋਮਲ ਮਿੱਤਲ ਤੋਂ ਕੀਤੀ ਝੰਡਾ ਦਿਵਸ ਫ਼ੰਡ ਇਕੱਤਰ ਕਰਨ ਦੀ ਸ਼ੁਰੂਆਤ

ਅਜੀਤ ਡੈਸਕ 06-12-2025
ਐੱਸ. ਏ. ਐੱਸ. ਨਗਰ, 5 ਦਸੰਬਰ (ਪ੍ਰੋ. ਅਵਤਾਰ ਸਿੰਘ)-ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਸਾਡੇ ਫ਼ੌਜੀ ਜਵਾਨਾਂ ਵਲੋਂ ਦੇਸ਼ ਦੀ ਰਾਖੀ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਝੰਡਾ ਦਿਵਸ ਫ਼ੰਡ ਇਕੱਤਰ ਕਰਨ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਟੋਕਨ ਫਲੈਗ ਲਗਾ ਕੇ ਕੀਤੀ ਗਈ | ਇਸ ਮੌਕੇ ਡੀ. ਸੀ. ਨੇ ਕਿਹਾ ਕਿ ਇਹ ਦਿਨ ਵੱਖ-ਵੱਖ ਲੜਾਈਆਂ/ ਸੈਨਾ ਆਪ੍ਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਤੇ ਜ਼ਖ਼ਮੀ ਹੋਏ ਸਾਬਕਾ ਸੈਨਿਕਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ | ਇਸ ਦੌਰਾਨ ਲੋਕਾਂ ਵਲੋਂ ਸੈਨਿਕ ਪਰਿਵਾਰਾਂ ਤੇ ਸੈਨਾਵਾਂ ਦੀ ਬਹਾਦਰੀ ਦੇ ਸਤਿਕਾਰ ਵਜੋਂ ਦਿਲ ਖੋਲ੍ਹ ਕੇ ਦਾਨ ਦਿੱਤਾ ਜਾਂਦਾ ਹੈ ਤੇ ਇਕੱਤਰ ਹੋਈ ਰਾਸ਼ੀ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ | ਉਨ੍ਹਾਂ ਇਸ ਮਹਾਨ ਕਾਰਜ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਫ਼ੰਡ ਸ਼ਹੀਦਾਂ ਦੇ ਪਰਿਵਾਰਾਂ ਤੇ ਸਰੀਰਕ ਤੌਰ 'ਤੇ ਅਸਮਰੱਥ ਹੋਏ ਜਵਾਨਾਂ ਦੀ ਭਲਾਈ ਵਰਗੇ ਨੇਕ ਕੰਮਾਂ ਲਈ ਵਰਤਿਆ ਜਾਂਦਾ ਹੈ | ਝੰਡਾ ਦਿਵਸ ਫ਼ੰਡ ਇਕੱਤਰ ਕਰਨ ਦੀ ਡੀ. ਸੀ. ਤੋਂ ਰਸਮੀ ਸ਼ੁਰੂਆਤ ਕਰਨ ਉਪਰੰਤ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਬੈਠਦੇ ਹੋਰਨਾਂ ਅਧਿਕਾਰੀਆਂ ਜਿਵੇਂ ਕਿ ਨਾਨਕ ਸਿੰਘ ਡੀ. ਆਈ. ਜੀ., ਅਨਮੋਲ ਸਿੰਘ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਸੋਨਮ ਚੌਧਰੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਹਰਮਿੰਦਰ ਸਿੰਘ ਹੁੰਦਲ ਜ਼ਿਲ੍ਹਾ ਮਾਲ ਅਫ਼ਸਰ ਆਦਿ ਵਲੋਂ ਵੀ ਦਿਲ ਖੋਲ੍ਹ ਕੇ ਦਾਨ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੁਹਾਲੀ ਦਵਿੰਦਰ ਸਿੰਘ ਢਿੱਲੋਂ (ਸੇਵਾ-ਮੁਕਤ ਗਰੁੱਪ ਕੈਪਟਨ) ਦੀ ਅਗਵਾਈ 'ਚ ਰਣਧੀਰ ਸਿੰਘ ਸੁਪਰਡੈਂਟ, ਕਮਲਜੀਤ ਕੌਰ, ਸੁਰਿੰਦਰ ਕੌਰ ਤੇ ਜਸਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਆਮ ਲੋਕਾਂ ਨੂੰ ਟੋਕਨ ਫਲੈਗ ਲਗਾਏ ਗਏ ਅਤੇ ਦਾਨ ਇਕੱਤਰ ਕੀਤਾ | ਉਨ੍ਹਾਂ ਦੱਸਿਆ ਕਿ ਫ਼ੰਡ ਇਕੱਠਾ ਕਰਨ ਦੀ ਇਹ ਮੁਹਿੰਮ ਅਗਲੇ ਦਿਨਾਂ ਦੌਰਾਨ ਵੀ ਜਾਰੀ ਰਹੇਗੀ ਤੇ ਕੋਈ ਵੀ ਵਿਅਕਤੀ ਝੰਡਾ ਦਿਵਸ ਫ਼ੰਡ 'ਚ ਆਪਣਾ ਯੋਗਦਾਨ ਪਾ ਸਕਦਾ ਹੈ |
ਪਿਛਲੀ ਖ਼ਬਰ 'ਰੇਲ ਰੋਕੋ ਅੰਦੋਲਨ ਦੇ ਸੱਦੇ' ਦੇ ਮੱਦੇਨਜ਼ਰ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਬੜੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਅਗਲੀ ਖ਼ਬਰ ਹਾਈ ਕੋਰਟ ਵਲੋਂ ਡੀ.ਸੀ. ਤੇ ਐਸ.ਐਸ.ਪੀ. ਨੂੰ ਆਪਣੀਆਂ ਰਿਹਾਇਸ਼ਾਂ ਖਾਲੀ ਕਰਨ ਦੇ ਨਿਰਦੇਸ਼ ਦੇਣ ਵਾਲੇ ਹੁਕਮ 'ਚ ਸੋਧ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।