12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੈਕਟਰ–20 'ਚ ਬੀ. ਐੱਸ. ਸੀ. ਦੇ ਨੌਜਵਾਨ ਨੇ ਫਾਹਾ ਲਗਾ ਕੇ ਗੁਆਈ ਜਾਨ

ਅਜੀਤ ਡੈਸਕ 06-12-2025
ਚੰਡੀਗੜ੍ਹ, 5 ਦਸੰਬਰ (ਕਪਿਲ ਵਧਵਾ)-ਸ਼ਹਿਰ 'ਚ ਦੋ ਵੱਖ–ਵੱਖ ਥਾਵਾਂ 'ਤੇ ਵਿਦਿਆਰਥੀਆਂ ਦੁਆਰਾ ਪੜ੍ਹਾਈ ਦੇ ਵਧਦੇ ਤਣਾਅ ਕਾਰਨ ਖ਼ੁਦਕੁਸ਼ੀ ਵਰਗੇ ਖ਼ੌਫ਼ਨਾਕ ਕਦਮ ਚੁੱਕੇ ਗਏ ਹਨ ਹਾਲਾਂਕਿ ਇਕ ਘਟਨਾ 'ਚ ਵਿਦਿਆਰਥੀ ਦੀ ਕਿਸਮਤ ਚੰਗੀ ਹੋਣ ਕਾਰਨ ਉਸ ਨੂੰ ਸਮੇਂ ਰਹਿੰਦੇ ਬਚਾਅ ਲਿਆ ਗਿਆ | ਇਨ੍ਹਾਂ ਘਟਨਾਵਾਂ ਨੇ ਕਾਲਜ–ਯੂਨੀਵਰਸਿਟੀ ਪ੍ਰਬੰਧਨਾਂ ਤੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ |
ਪੰਜਾਬ ਯੂਨੀਵਰਸਿਟੀ ਦੇ ਯੂਆਈਸੈੱਟ ਵਿਭਾਗ ਦੇ ਵਿਦਿਆਰਥੀ ਨੇ ਹੋਸਟਲ 'ਚ ਕੱਟੀ ਕਲਾਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਦੇਰ ਰਾਤ ਆਪਣੇ ਹੋਸਟਲ ਨੰਬਰ–1 ਦੇ ਕਮਰੇ 'ਚ ਕਲਾਈ ਦੀ ਨਸ ਕੱਟ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ | ਵਿਦਿਆਰਥੀ ਬਠਿੰਡਾ ਦਾ ਰਿਹਾਇਸ਼ੀ ਹੈ ਤੇ ਹੋਸਟਲ 'ਚ ਇਕੱਲੇ ਰਹਿੰਦਾ ਸੀ | ਖ਼ੂਨ ਵਗਣ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ, ਪਰ ਪਾਸੇ ਦੇ ਕਮਰੇ 'ਚ ਰਹਿੰਦੇ ਵਿਦਿਆਰਥੀਆਂ ਨੇ ਸਮੇਂ ਸਿਰ ਉਸ ਨੂੰ ਸੰਭਾਲਿਆ ਤੇ ਹਸਪਤਾਲ ਪਹੁੰਚਾਇਆ | ਡਾਕਟਰਾਂ ਨੇ ਇਲਾਜ ਕਰਨ ਤੋਂ ਬਾਅਦ ਉਸ ਦੀ ਹਾਲਤ ਸਥਿਰ ਦੱਸੀ ਤੇ ਛੁੱਟੀ ਦੇ ਦਿੱਤੀ | ਵਿਦਿਆਰਥੀ ਮੁੜ ਹੋਸਟਲ ਵਾਪਸ ਆ ਗਿਆ ਹੈ | ਜਾਣਕਾਰੀ ਅਨੁਸਾਰ ਉਕਤ ਵਿਦਿਆਰਥੀ ਪ੍ਰੀਖਿਆ 'ਚ ਪਾਸ ਨਾ ਹੋਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਤੇ ਕਿਸੇ ਨਾਲ ਆਪਣੀ ਗੱਲ ਸਾਂਝੀ ਨਹੀਂ ਕਰ ਰਿਹਾ ਸੀ | ਫ਼ਿਲਹਾਲ ਉਸ ਦੀ ਕੌਂਸਲਿੰਗ ਯੂਨੀਵਰਸਿਟੀ ਵਲੋਂ ਕਰਵਾਈ ਜਾ ਰਹੀ ਹੈ |
ਸੈਕਟਰ–20 'ਚ ਬੀ. ਐੱਸ. ਸੀ. ਦੇ ਵਿਦਿਆਰਥੀ ਨੇ ਫਾਹੇ ਨਾਲ ਦਿੱਤੀ ਜਾਨ
ਦੂਜੇ ਮਾਮਲੇ 'ਚ ਚੰਡੀਗੜ੍ਹ ਦੇ ਸੈਕਟਰ–20 'ਚ 21 ਸਾਲਾਂ ਅਭਿਰੂਪ ਨੇ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਅਭਿਰੂਪ ਐੱਸ. ਡੀ. ਕਾਲਜ 'ਚ ਬੀ. ਐੱਸ. ਸੀ. ਪਹਿਲੇ ਸਾਲ ਦਾ ਵਿਦਿਆਰਥੀ ਸੀ ਤੇ ਇਸ ਸਮੇਂ ਸਮੈਸਟਰ ਪ੍ਰੀਖਿਆਵਾਂ ਚੱਲ ਰਹੀਆਂ ਹਨ | ਉਸ ਨੇ ਦੋ ਪੇਪਰ ਨਹੀਂ ਦਿੱਤੇ ਸਨ ਤੇ ਪਰਿਵਾਰ ਨੂੰ ਕਿਹਾ ਸੀ ਕਿ ਉਸਦੀ ਤਿਆਰੀ ਪੂਰੀ ਨਹੀਂ ਹੈ | ਬੁੱਧਵਾਰ ਰਾਤ ਉਹ ਆਪਣੇ ਕਮਰੇ 'ਚ ਪੜ੍ਹਾਈ ਕਰ ਰਿਹਾ ਸੀ ਜਦ ਕਿ ਮਾਪੇ ਦੂਜੇ ਕਮਰੇ 'ਚ ਸਨ | ਸਵੇਰੇ ਜਦੋਂ ਉਹ ਕਮਰੇ ਤੋਂ ਬਾਹਰ ਨਾ ਨਿਕਲਿਆ ਤਾਂ ਮਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਅਭਿਰੂਪ ਨੇ ਦਰਵਾਜ਼ੇ ਦੇ ਹੁੱਕ ਨਾਲ ਬੈਲਟ ਰਾਹੀਂ ਫਾਹਾ ਲਗਾ ਰੱਖਿਆ ਸੀ | ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਨੇ ਮੌਕੇ ਤੋਂ ਕਿਸੇ ਕਿਸਮ ਦਾ ਖੁਦਕੁਸ਼ੀ ਨੋਟ ਨਾ ਮਿਲਣ ਦੀ ਪੁਸ਼ਟੀ ਕੀਤੀ ਹੈ | ਜਾਂਚ ਟੀਮ ਇਹ ਪਤਾ ਲੱਗਾ ਰਹੀ ਹੈ ਕਿ ਅਭਿਰੂਪ ਕਿੰਨੇ ਸਮੇਂ ਤੋਂ ਮਾਨਸਿਕ ਦਬਾਅ ਜਾਂ ਪੜ੍ਹਾਈ ਦੇ ਬੋਝ ਤਹਿਤ ਜੂਝ ਰਿਹਾ ਸੀ | ਇਹ ਦੋਵੇਂ ਘਟਨਾਵਾਂ ਵਿਦਿਆਰਥੀਆਂ 'ਚ ਵਧ ਰਹੇ ਪੜ੍ਹਾਈ ਸੰਬੰਧੀ ਦਬਾਅ ਤੇ ਮਾਨਸਿਕ ਸਿਹਤ ਦੀ ਚਿੰਤਾ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਦੀ ਪੁਰਜੋਰ ਨਿਸ਼ਾਨਦੇਹੀ ਕਰਦੀਆਂ ਹਨ |
ਪਿਛਲੀ ਖ਼ਬਰ ਜ਼ੀਰਕਪੁਰ ਵਿਖੇ ਦਰਜ ਪੋਕਸੋ ਐਕਟ ਦੇ ਮਾਮਲਾ 'ਚ ਨਾਮਜ਼ਦ ਨੌਜਵਾਨ ਨੂੰ ਮੁਹਾਲੀ ਅਦਾਲਤ ਨੇ ਕੀਤਾ ਬਰੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਝੂਠੇ ਲਾਰਿਆਂ ਦੀ ਝੜੀ ਲਗਾਈ-ਗੁਰਦਰਸ਼ਨ ਸਿੰਘ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।