ਚੰਡੀਗੜ੍ਹ, 3 ਦਸੰਬਰ (ਕਪਿਲ ਵਧਵਾ)-ਸੈਕਟਰ-26 ਦੇ ਬਾਪੂ ਧਾਮ ਕਲੋਨੀ ਇਲਾਕੇ ਵਿਚ ਕਾਰ ਦੀ ਟੱਕਰ ਨਾਲ ਕੁੱਲ 5 ਲੋਕਾਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਥਾਣਾ ਸੈਕਟਰ-26 ਚੰਡੀਗੜ੍ਹ ਨੇ ਸ਼ਿਕਾਇਤਕਰਤਾ ਮਹਿਲਾ ਵਾਸੀ ਫੇਜ਼-1 ਬੀ. ਡੀ. ਸੀ., ਸੈਕਟਰ-26 ਦੇ ਬਿਆਨ 'ਤੇ ਚੰਡੀਗੜ੍ਹ ਨੰਬਰੀ ਬਲੀਨੋ ਗੱਡੀ ਦੇ ਡਰਾਈਵਰ ਰਾਜੇਸ਼ ਕਟਾਰੀਆ ਵਾਸੀ ਬੀ.ਡੀ.ਸੀ. ਸੈਕਟਰ-26 ਖ਼ਿਲਾਫ਼ ਧਾਰਾ 281, 125(ਏ) ਬੀ.ਐੱਨ.ਐੱਸ. ਅਧੀਨ ਮਾਮਲਾ ਦਰਜ ਕਰ ਲਿਆ ਹੈ | ਸ਼ਿਕਾਇਤਕਰਤਾ ਅਨੁਸਾਰ ਉਸ ਦੇ ਘਰ ਦੇ ਨੇੜੇ ਉਕਤ ਕਾਰ ਚਾਲਕ ਨੇ ਬੇਧਿਆਨੀ ਨਾਲ ਗੱਡੀ ਚਲਾਉਂਦੇ ਹੋਏ ਉਸ ਨੂੰ, ਉਸ ਦੀ ਭੈਣ, ਉਸ ਦੇ ਭਤੀਜੇ ਰਾਜਬੀਰ ਤੇ ਰਾਜ ਅਤੇ ਇਕ ਹੋਰ ਵਿਅਕਤੀ ਰਾਜੂ ਨੂੰ ਟੱਕਰ ਮਾਰ ਦਿੱਤੀ | ਹਾਦਸੇ ਵਿਚ ਉਹ ਸਾਰੇ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਤੁਰੰਤ ਜੀ. ਐੱਮ. ਸੀ. ਐਚ. ਸੈਕਟਰ-16 ਚੰਡੀਗੜ੍ਹ ਵਿਚ ਦਾਖ਼ਲ ਕਰਵਾਇਆ ਗਿਆ | ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਅਚਾਨਕ ਇੰਨੇ ਲੋਕਾਂ ਨੂੰ ਦੇਖ ਕੇ ਘਬਰਾ ਗਿਆ ਸੀ, ਜਿਸ ਕਾਰਨ ਉਹ ਬਰੇਕ ਪੈਡਲ ਦੱਬਣ ਦੀ ਬਜਾਏ ਰੇਸ ਦੱਬ ਬੈਠਾ | ਇਸ ਮਾਮਲੇ ਵਿਚ ਪੁਲਿਸ ਦੀ ਅੱਗੇ ਦੀ ਕਾਰਵਾਈ ਜਾਰੀ ਹੈ |