ਚੰਡੀਗੜ੍ਹ, 2 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 13 ਦਸੰਬਰ ਨੂੰ ਆਪਣਾ 73ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ | ਜਿਸ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸਾਸ਼ਤ ਪ੍ਰਦੇਸ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਤੇ ਸੰਬੋਧਨ ਕਰਨਗੇ | ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਦੱਸਿਆ ਕਿ ਡਿਗਰੀ ਵੰਡ ਸਮਾਰੋਹ ਨੂੰ ਦਸੰਬਰ ਤੱਕ ਅੱਗੇ ਵਧਾ ਦਿੱਤਾ ਗਿਆ ਹੈ ਕਿਉਂਕਿ ਗ੍ਰੈਜੂਏਟਾਂ ਨੂੰ ਅੱਗੇ ਦੀ ਪੜ੍ਹਾਈ ਅਤੇ ਮੌਕਿਆਂ ਲਈ ਸਮੇਂ ਸਿਰ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਦਾ ਮੌਕਾ ਮਿਲ ਸਕੇ | ਰਜਿਸਟਰਾਰ ਪ੍ਰੋ. ਵਾਈ. ਪੀ. ਵਰਮਾ ਨੇ ਡਿਗਰੀ ਵੰਡ ਸਮਾਰੋਹ ਦੇ ਸਫਲ ਕਰਵਾਏ ਜਾਣ ਸੰਬੰਧੀ ਤਿਆਰੀਆਂ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਕੀਤੀ | ਮੀਟਿੰਗ 'ਚ ਪ੍ਰੀਖਿਆਵਾਂ ਦੇ ਕੰਟਰੋਲਰ ਪ੍ਰੋ. ਜਗਤ ਭੂਸ਼ਣ ਸਮੇਤ ਵੱਖ-ਵੱਖ ਕਮੇਟੀਆਂ ਦੇ ਚੇਅਰਪਰਸਨ ਤੇ ਯੂਨੀਵਰਸਿਟੀ ਦੇ ਮੁੱਖ ਅਧਿਕਾਰੀ ਸ਼ਾਮਿਲ ਹੋਏ | ਮੈਡਲ, ਇਨਾਮ ਜੇਤੂਆਂ ਤੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਲਈ ਰਿਹਰਸਲ 12 ਦਸੰਬਰ ਨੂੰ ਕੀਤੀ ਜਾਵੇਗੀ | ਸਮਾਰੋਹ 'ਚ ਸ਼ਾਮਿਲ ਹੋਣ ਲਈ ਇਸ ਵਿਚ ਹਿੱਸਾ ਲੈਣਾ ਲਾਜ਼ਮੀ ਹੈ | ਜੋ ਵਿਦਿਆਰਥੀ ਰਿਹਰਸਲ 'ਚ ਸ਼ਾਮਿਲ ਨਹੀਂ ਹੋਣਗੇ, ਉਨ੍ਹਾਂ ਨੂੰ ਡਿਗਰੀ ਵੰਡ ਸਮਾਰੋਹ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਜਿਨ੍ਹਾਂ ਵਿਦਿਆਰਥੀਆਂ ਨੇ ਪਿਛਲੀ ਸਮਾਰੋਹ ਤੋਂ ਬਾਅਦ ਆਪਣੀਆਂ ਪੀ. ਐਚ. ਡੀ. ਡਿਗਰੀਆਂ ਪਾਸ ਕੀਤੀਆਂ ਹਨ | ਉਨ੍ਹਾਂ ਨੂੰ ਪੀ. ਯੂ. ਨਿਯਮਾਂ ਅਨੁਸਾਰ ਹੋਰ ਡਿਗਰੀਆਂ ਦੇ ਨਾਲ-ਨਾਲ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਮੌਕੇ 2024 ਦੀਆਂ ਸਾਰੀਆਂ ਪ੍ਰੀਖਿਆਵਾਂ ਦੇ ਟਾਪਰਾਂ ਨੂੰ ਤਗਮੇ ਵੀ ਦਿੱਤੇ ਜਾਣਗੇ | ਯੂਨੀਵਰਸਿਟੀ ਵਲੋਂ ਯੋਗ ਉਮੀਦਵਾਰਾਂ ਨੂੰ ਪਛਾਣ ਪੱਤਰ ਤੇ ਪੱਤਰ ਜਾਰੀ ਕੀਤੇ ਗਏ ਹਨ |