ਡੇਰਾਬੱਸੀ, 2 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਜੀ. ਬੀ. ਪੀ. ਈਕੋ ਗਰੀਨਜ਼-2 ਪ੍ਰਾਜੈਕਟ 'ਚ ਹੋਈ ਕਰੋੜਾਂ ਰੁ. ਦੀ ਧੋਖਾਧੜੀ ਦਾ ਸ਼ਿਕਾਰ ਹੋਏ 11 ਦੁਕਾਨ ਮਾਲਕਾਂ 'ਤੇ ਇਕ ਵਾਰ ਫਿਰ ਕੁਰਕੀ ਦੀ ਤਲਵਾਰ ਲਟਕ ਗਈ ਹੈ | ਬਿਲਡਰ ਦੇ ਸਾਥੀਆਂ ਨੇ ਇਨ੍ਹਾਂ ਦੁਕਾਨਾਂ 'ਤੇ ਲਗਪਗ 1 ਕਰੋੜ ਰੁ. ਦਾ ਬੈਂਕ ਲੋਨ ਡਕਾਰ ਲਿਆ, ਜਦ ਕਿ ਉਹ ਪਹਿਲਾਂ ਹੀ ਪੀੜਤਾਂ ਨੂੰ ਇਹ ਦੁਕਾਨਾਂ ਵੇਚ ਚੁੱਕੇ ਸਨ | ਹੁਣ ਇੰਡੋਸਿੰਡ ਬੈਂਕ ਨੇ ਦੁਕਾਨ ਮਾਲਕਾਂ ਨੂੰ 19 ਦਸੰਬਰ ਤੱਕ ਦੁਕਾਨਾਂ ਖਾਲੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ ਇਸ ਤਰ੍ਹਾਂ ਨਾ ਕਰਨ 'ਤੇ ਪੁਲਿਸ ਕਾਰਵਾਈ ਦੀ ਧਮਕੀ ਦਿੱਤੀ ਹੈ | ਪੀੜਤਾਂ ਨੇ ਸਾਰੀ ਉਮਰ ਦੀ ਪੂੰਜੀ ਲਗਾ ਕੇ ਦੁਕਾਨਾਂ ਖ਼ਰੀਦੀਆਂ ਸਨ, ਪਰ ਹੁਣ ਉਨ੍ਹਾਂ 'ਤੇ ਹੀ ਲੋਨ ਦਾ ਬੋਝ ਥੋਪਿਆ ਜਾ ਰਿਹਾ ਹੈ | ਪੀੜਤਾਂ ਦੇ ਦਸਤਾਵੇਜ਼ਾਂ ਮੁਤਾਬਿਕ ਮੁਬਾਰਕਪੁਰ ਵਾਸੀ ਗੌਰਵ ਪੁੱਤਰ ਚਮਨ ਲਾਲ ਨੇ ਗੁਲਾਬਗੜ੍ਹ ਮੌਜੇ ਦੀ 2295 ਵਰਗ ਫੁੱਟ ਜ਼ਮੀਨ ਦੀ ਰਜਿਸਟਰੀ ਬਿਲਡਰ ਕੰਪਨੀ ਨਾਲ ਸੰਬੰਧਤ ਅਜੇ ਗੁਪਤਾ ਪੁੱਤਰ ਪ੍ਰੇਮ ਚੰਦ ਵਾਸੀ ਯਮੁਨਾਨਗਰ ਨੇ ਕਰਵਾ ਦਿੱਤੀ | ਰਜਿਸਟਰੀ ਤੋਂ ਸਿਰਫ ਦੋ ਹਫ਼ਤਿਆਂ ਬਾਅਦ ਹੀ 20 ਜਨਵਰੀ 2017 ਨੂੰ ਅਜੇ ਨੇ ਆਪਣੀ ਫਰਮ ਅਜੇ ਟ੍ਰੇਡਿੰਗ ਕੰਪਨੀ ਦੇ ਨਾਂਅ 'ਤੇ ਇੰਡੋਸਿੰਡ ਬੈਂਕ ਤੋਂ ਲੱਖਾਂ ਰੁ. ਦਾ ਲੋਨ ਲੈ ਲਿਆ, ਜੋ ਕਿ ਹੁਣ ਵਧ ਕੇ 1 ਕਰੋੜ 15 ਲੱਖ ਰੁ. ਹੋ ਗਿਆ ਹੈ | ਇਸ ਦੌਰਾਨ ਗੌਰਵ ਨੇ ਇਸ ਜ਼ਮੀਨ 'ਤੇ ਬਣੀਆਂ 11 ਦੁਕਾਨਾਂ ਵੱਖ-ਵੱਖ ਖ਼ਰੀਦਦਾਰਾਂ ਨੂੰ ਵੇਚ ਦਿੱਤੀਆਂ, ਪਰ ਫ਼ਰਦ, ਇੰਤਕਾਲ ਜਾਂ ਭਾਰ-ਮੁਕਤ 'ਚ ਕਿਧਰੇ ਵੀ ਇਸ ਲੋਨ ਦਾ ਜ਼ਿਕਰ ਨਹੀਂ ਮਿਲਿਆ | ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਧੋਖਾਧੜੀ ਮਾਲ ਵਿਭਾਗ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਸੀ ਕਿਉਂਕਿ ਤਿੰਨ ਸਾਲਾਂ ਤੱਕ ਦੁਕਾਨਾਂ ਦੀਆਂ ਰਜਿਸਟਰੀਆਂ ਹੁੰਦੀਆਂ ਰਹੀਆਂ, ਪਰ ਬੈਂਕ ਲੋਨ ਦਾ ਕੋਈ ਪਤਾ ਨਹੀਂ ਚੱਲਿਆ | ਪਿਛਲੇ ਸਾਲ ਏ. ਡੀ. ਐਮ. ਵਲੋਂ ਕੁਰਕੀ ਦੇ ਹੁਕਮ ਜਾਰੀ ਹੋਏ ਸਨ, ਜੋ ਕਿ ਦੁਕਾਨਦਾਰਾਂ ਦੇ ਵਿਰੋਧ ਕਰਕੇ ਰੁਕ ਗਏ | ਗੌਰਵ ਨੇ ਬੈਂਕ ਨਾਲ ਸੈਟਲਮੈਂਟ ਕਰਕੇ ਕੇਵਲ 11 ਲੱਖ ਰੁ. ਜਮ੍ਹਾਂ ਕਰਵਾਏ, ਪਰ ਫਿਰ ਕਿਸੇ ਕਿਸ਼ਤ ਦੀ ਅਦਾਇਗੀ ਨਹੀਂ ਕੀਤੀ | ਫ਼ੀਲਡ ਕਾਨੂੰਨਗੋ ਤੇਜਿੰਦਰ ਸਿੰਘ ਨੇ ਬਿਨਾਂ ਅੱਪਡੇਟ ਪ੍ਰਾਪਤ ਕੀਤੇ ਦੁਕਾਨਾਂ 'ਤੇ ਨੋਟਿਸ ਚਿਪਕਾ ਦਿੱਤੇ | ਮਾਯੂਸ ਦੁਕਾਨ ਮਾਲਕਾਂ ਨੇ ਸੀ. ਐਮ. ਵਿੰਡੋ 'ਤੇ ਸ਼ਿਕਾਇਤ ਭੇਜ ਕੇ ਅਜੇ ਗੁਪਤਾ ਤੇ ਗੌਰਵ ਕੁਮਾਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਨ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ |