28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਆਈ. ਟੀ. ਸਿਟੀ ਖਰੜ-ਕੁਰਾਲੀ ਸੜਕ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਵਾਹਨਾਂ ਲਈ ਨਹੀਂ ਖੋਲ੍ਹੀ ਸੜਕ

ਅਜੀਤ ਡੈਸਕ 03-12-2025
ਕੁਰਾਲੀ, 2 ਦਸੰਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ 'ਚੋਂ ਨਿਕਲਣ ਵਾਲੇ ਆਈ. ਟੀ. ਸਿਟੀ ਖਰੜ-ਕੁਰਾਲੀ ਸੜਕ ਦਾ ਕੰਮ ਲਗਪਗ ਪੂਰਾ ਹੋ ਚੁੱਕਿਆ ਹੈ | ਵਿਭਾਗ ਵਲੋਂ ਸੜਕ ਨੂੰ ਹਾਲੇ ਭਾਵੇਂ ਵਾਹਨਾਂ ਦੀ ਆਵਾਜਾਈ ਲਈ ਨਹੀਂ ਖੋਲਿ੍ਹਆ ਗਿਆ, ਪਰ ਕੰਪਨੀ ਦੀ ਯੋਜਨਾਬੰਦੀ ਦੀ ਘਾਟ ਕਾਰਨ ਸੜਕ 'ਤੇ ਵੱਡੀ ਗਿਣਤੀ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ | ਜਾਣਕਾਰੀ ਅਨੁਸਾਰ ਕੁਰਾਲੀ ਦੇ ਸਿਸਵਾਂ ਮਾਰਗ 'ਤੇ ਸਥਿਤ ਪਿੰਡ ਬੜੌਦੀ ਤੋਂ ਵਾਇਆ ਕੁਰਾਲੀ-ਖਰੜ ਤੇ ਮੁਹਾਲੀ ਏਅਰਪੋਰਟ ਨੂੰ ਮਿਲਣ ਵਾਲੀ ਇਸ ਕਰੀਬ 31 ਕਿੱਲੋਮੀਟਰ ਲੰਬੀ ਸੜਕ ਦੇ ਨਿਰਮਾਣ ਦਾ ਕਾਰਜ ਲਗਪਗ ਮੁਕੰਮਲ ਹੋ ਚੁੱਕਾ ਹੈ, ਪਰ ਇਸ ਸੜਕ 'ਤੇ ਹਾਲੇ ਵਿਭਾਗ ਵਲੋਂ ਆਵਾਜਾਈ ਸ਼ੁਰੂ ਨਹੀਂ ਕੀਤੀ ਗਈ | ਇਸ ਦੇ ਬਾਵਜੂਦ ਮੁਹਾਲੀ ਏਅਰਪੋਰਟ ਤੋਂ ਸ਼ੁਰੂ ਹੋ ਰਹੀ ਇਸ ਸੜਕ ਦੇ ਵੱਖ-ਵੱਖ ਐਂਟਰੀ ਪੁਆਇੰਟਾਂ ਤੋਂ ਵਾਹਨ ਇਸ ਮੁੱਖ ਸੜਕ 'ਤੇ ਦਾਖ਼ਲ ਹੋ ਰਹੇ ਹਨ | ਇਕ-ਦੂਜੇ ਦੇ ਪਿੱਛੇ ਲੱਗ ਕੇ ਤੁਰਦੇ ਇਨ੍ਹਾਂ ਵਾਹਨਾਂ ਨੂੰ ਕਈ ਥਾਵਾਂ 'ਤੇ ਰਸਤੇ ਬੰਦ ਹੋਣ ਕਾਰਨ ਕਈ-ਕਈ ਕਿੱਲੋਮੀਟਰ ਵਾਪਸ ਮੁੜਨਾ ਪੈਂਦਾ ਹੈ | ਹਾਈਵੇਅ ਅਥਾਰਿਟੀ ਵਲੋਂ ਵੱਡੇ ਪੱਥਰਾਂ ਨੂੰ ਰੱਖ ਕੇ ਸੜਕਾਂ ਦੇ ਨਿਕਾਸੀ ਪੁਆਇੰਟ ਵੀ ਬੰਦ ਕੀਤੇ ਗਏ ਹਨ, ਪਰ ਕਈ ਥਾਵਾਂ 'ਤੇ ਐਂਟਰੀ ਪੁਆਇੰਟ ਖੁੱਲ੍ਹੇ ਹੋਣ ਕਾਰਨ ਵਾਹਨ ਇਸ ਸੜਕ 'ਤੇ ਪਹੁੰਚ ਜਾਂਦੇ ਹਨ ਤੇ ਅੱਗੇ ਮੁੱਖ ਸੜਕ ਤੋਂ ਨਿਕਾਸੀ ਰਸਤੇ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ | ਕੁਰਾਲੀ ਦੀ ਹੱਦ 'ਚ ਪੈਂਦੇ ਪਿੰਡ ਪਡਿਆਲਾ ਨੇੜੇ ਹਾਈਵੇਅ ਅਥਾਰਿਟੀ ਵਲੋਂ ਮੁੱਖ ਸੜਕ ਨੂੰ ਜੋੜਨ ਵਾਲੀਆਂ ਦੋ ਸਰਵਿਸ ਰੋਡਾਂ ਨੂੰ ਵੱਖ-ਵੱਖ ਥਾਵਾਂ ਤੋਂ ਬੰਦ ਕੀਤਾ ਗਿਆ ਹੈ, ਜਿਥੋਂ ਅੱਜ ਵਾਪਸ ਪਰਤੇ ਵਾਹਨ ਚਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਆਉਂਦੇ ਹੋਏ ਇਸ ਸੜਕ 'ਤੇ ਚੜ੍ਹ ਗਏ, ਪਰ ਕੁਰਾਲੀ ਪਹੁੰਚਣ 'ਤੇ ਸੜਕ ਦਾ ਨਿਕਾਸੀ ਰਸਤਾ ਖੁੱਲ੍ਹਾ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ | ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਨਿਕਾਸੀ ਰਸਤਾ ਬੰਦ ਹੋਣ ਕਾਰਨ ਕਰੀਬ ਇਕ ਘੰਟਾ ਖੱਜਲ-ਖੁਆਰ ਹੁੰਦੇ ਰਹੈ | ਇਸੇ ਦੌਰਾਨ ਸੁਨੀਲ ਕੁਮਾਰ, ਅਵਤਾਰ ਸਿੰਘ ਅਤੇ ਰਮੇਸ਼ ਕੁਮਾਰ ਆਦਿ ਨੇ ਦੱਸਿਆ ਕਿ ਉਹ ਵੀ ਅੰਬਾਲਾ ਵੱਲ ਤੋਂ ਆਉਂਦੇ ਸਮੇਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਾਣ ਲਈ ਇਸ ਸੜਕ ਉੱਤੇ ਚੜ੍ਹ ਗਏ ਸਨ, ਪਰ ਨਿਕਾਸੀ ਰਸਤੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਭਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਵਿਭਾਗ ਨੂੰ ਸੜਕ ਦੇ ਐਂਟਰੀ ਰਸਤੇ ਪੂਰੀ ਤਰ੍ਹਾਂ ਬੰਦ ਕਰਨੇ ਚਾਹੀਦੇ ਹਨ | ਦੂਜੇ ਪਾਸੇ ਇਸ ਸੰਬੰਧੀ ਸੰਪਰਕ ਕਰਨ 'ਤੇ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਗੌਰਵ ਕੁਮਾਰ ਨੇ ਕਿਹਾ ਕਿ ਕੰਪਨੀ ਵਲੋਂ ਹਰ ਥਾਂ ਵੱਡੇ-ਵੱਡੇ ਪੱਥਰ ਲਗਾ ਕੇ ਸੜਕ ਦੇ ਐਂਟਰੀ ਪੁਆਇੰਟ ਬੰਦ ਕੀਤੇ ਗਏ ਹਨ ਤਾਂ ਕਿ ਕੋਈ ਵੀ ਵਾਹਨ ਸੜਕ 'ਤੇ ਨਾ ਆ ਸਕੇ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਖ਼ੁਦ ਹੀ ਇਹ ਪੱਥਰ ਹਟਾ ਕੇ ਆਪਣੀ ਸਹੂਲਤ ਲਈ ਸੜਕ 'ਤੇ ਚੜ੍ਹਨ ਲਈ ਰਸਤੇ ਬਣਾ ਲਏ ਜਾਂਦੇ ਹਨ, ਜਿਸ ਕਾਰਨ ਦੂਰੋਂ ਆਉਣ ਵਾਲੇ ਕਈ ਵਾਹਨ ਚਾਲਕ ਰਸਤੇ ਬਾਰੇ ਪਤਾ ਨਾ ਹੋਣ ਦੇ ਬਾਵਜੂਦ ਸੜਕ 'ਤੇ ਚੜ੍ਹ ਜਾਂਦੇ ਹਨ |
ਪਿਛਲੀ ਖ਼ਬਰ ਲਿਵਾਸਾ ਹਸਪਤਾਲ 'ਚ ਐਡਵਾਂਸਡ ਲਿਵਰ ਕੈਂਸਰ ਮਰੀਜ਼ ਦਾ ਸਫਲਤਾਪੂਰਵਕ ਇਲਾਜ <br/> ਅਗਲੀ ਖ਼ਬਰ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਸੁਣਾਈ 15 ਸਾਲਾਂ ਦੀ ਕੈਦ ਤੇ 2 ਲੱਖ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।