ਚੰਡੀਗੜ੍ਹ, 20 ਨਵੰਬਰ (ਸੰਦੀਪ ਕੁਮਾਰ ਮਾਹਨਾ)-ਯੂ. ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਦੀ ਅਗਵਾਈ ਹੇਠ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਚੱਲ ਰਹੇ ਵਿਕਾਸ ਕਾਰਜਾਂ, ਲੰਬਿਤ ਮਾਮਲਿਆਂ ਤੇ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਵਿਸਤਾਰ ਨਾਲ ਜਾਇਜ਼ਾ ਲਿਆ | ਮੁੱਖ ਸਕੱਤਰ ਨੇ ਇੰਜੀਨੀਅਰਿੰਗ ਵਿਭਾਗ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਭਰ 'ਚ ਲੰਬਿਤ ਸੜਕ ਮੁਰੰਮਤ ਕਾਰਜ ਕਿਸੇ ਵੀ ਹਾਲਤ 'ਚ 15 ਦਸੰਬਰ 2025 ਤੱਕ ਪੂਰੇ ਕੀਤੇ ਜਾਣ | ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਜਨਤਾ ਨੂੰ ਸੁਵਿਧਾਜਨਕ ਆਵਾਜਾਈ ਦੇ ਪ੍ਰਬੰਧ ਸੁਰੱਖਿਅਤ ਕਰਨਾ ਪ੍ਰਸ਼ਾਸਨ ਦੀ ਪਹਿਲ ਹੈ, ਇਸ ਲਈ ਕਾਰਜ-ਗਤੀ 'ਤੇ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਅਸਟੇਟ ਦਫ਼ਤਰ ਨੂੰ ਖਾਲੀ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਦੀ ਨਿਲਾਮੀ ਨਿਯਤ ਅਤੇ ਪਾਰਦਰਸ਼ੀ ਸ਼ਡਿਊਲ ਅਨੁਸਾਰ ਕਰਨ ਦੀ ਹਦਾਇਤ ਦਿੱਤੀ ਗਈ | ਇਸੇ ਤਰ੍ਹਾਂ, ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਵੀ ਈ-ਨਿਲਾਮੀ ਪ੍ਰਕਿਰਿਆ ਨੂੰ ਪੜਾਅਵਾਰ ਤੇ ਸੁਵਿਧਾਕਾਰ ਤਰੀਕੇ ਨਾਲ ਅੱਗੇ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ | ਨਗਰ ਨਿਗਮ ਲਈ ਜਾਰੀ ਹਦਾਇਤਾਂ ਦੇ ਤਹਿਤ ਪਾਰਕਿੰਗ ਪ੍ਰਬੰਧਨ ਨੂੰ ਸੁਚਾਰੂ ਕਰਨ, ਬਕਾਇਆ ਜਾਇਦਾਦ ਕਰ ਇਕੱਠਾ ਕਰਨ ਤੇ ਇਸ਼ਤਿਹਾਰ ਆਮਦਨ ਦੀ ਵਸੂਲੀ ਵਿਚ ਵਾਧਾ ਕਰਨ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਮਾਲੀਆ ਹਾਲਤ ਨੂੰ ਮਜ਼ਬੂਤ ਕੀਤਾ ਜਾ ਸਕੇ | ਮੁੱਖ ਸਕੱਤਰ ਨੇ ਦੁਹਰਾਇਆ ਕਿ ਸਾਰੇ ਵਿਭਾਗਾਂ ਵਲੋਂ ਅਦਾਲਤੀ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਹੈ ਅਤੇ ਇਸ 'ਚ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ | ਸਰਦੀਆਂ ਦੀ ਸ਼ੁਰੂਆਤ ਨੂੰ ਧਿਆਨ ਵਿਚ ਰੱਖਦਿਆਂ, ਨਗਰ ਨਿਗਮ ਤੇ ਸਮਾਜ ਭਲਾਈ ਵਿਭਾਗ ਨੂੰ ਰੈਣ ਬਸੇਰਿਆਂ ਦੀ ਮੁਰੰਮਤ, ਸਫ਼ਾਈ, ਸੁਰੱਖਿਆ ਤੇ ਲੋੜਵੰਦਾਂ ਲਈ ਉਚਿਤ ਸੁਵਿਧਾਵਾਂ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਇਸ ਤੋਂ ਇਲਾਵਾ, ਮੁੱਖ ਸਕੱਤਰ ਨੇ ਵੱਖ-ਵੱਖ ਵਿਭਾਗਾਂ ਦੇ ਭਰਤੀ ਨਿਯਮਾਂ ਨੂੰ ਤੁਰੰਤ ਅੰਤਿਮ ਰੂਪ ਦੇਣ ਅਤੇ ਪ੍ਰਸ਼ਾਸਨ ਅੰਦਰ ਖਾਲੀ ਅਸਾਮੀਆਂ ਦੇ ਪੁਨਰਗਠਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ, ਤਾਂ ਜੋ ਫੈਸਲਾ-ਕਰਨ ਤੇ ਕਾਰਜਕੁਸ਼ਲਤਾ ਵਿਚ ਸੁਧਾਰ ਹੋ ਸਕੇ | ਮੀਟਿੰਗ 'ਚ ਵਿੱਤ ਸਕੱਤਰ ਦੀਪਰਵਾ ਲਾਕੜਾ, ਸਕੱਤਰ ਇੰਜੀਨੀਅਰਿੰਗ ਪ੍ਰੇਰਣਾ ਪੁਰੀ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈਜੀ ਪੁਲਿਸ ਪੁਸ਼ਪੇਂਦਰ ਕੁਮਾਰ, ਸੀ. ਸੀ. ਐੱਸ. ਐਫ਼. ਸੌਰਭ ਕੁਮਾਰ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ |