ਡੇਰਾਬੱਸੀ, 19 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ ਸ੍ਰੀ ਸੁਖਮਨੀ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਆਪਸੀ ਮਾਮੂਲੀ ਤਕਰਾਰ ਨੇ ਉਦੋਂ ਹਿੰਸਕ ਰੂਪ ਧਾਰ ਲਿਆ, ਜਦੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਲਗਭਗ 20 ਨੌਜਵਾਨਾਂ ਦੇ ਗਰੁੱਪ ਨੇ ਹਰਸ਼ ਰਾਣਾ ਪੁੱਤਰ ਤਰਸੇਮ ਰਾਣਾ ਵਾਸੀ ਪਿੰਡ ਲਾਲੜੂ ਨੂੰ ਘੇਰ ਕੇ ਉਸ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਦੌਰਾਨ ਹਰਸ਼ ਦੇ ਸਿਰ 'ਤੇ ਗੰਭੀਰ ਸੱਟਾਂ ਆਈਆਂ ਹਨ | ਘਟਨਾ ਕਾਲਜ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਸਾਫ਼ ਤੌਰ 'ਤੇ ਕੈਦ ਹੋ ਚੁੱਕੀ ਹੈ | ਹਮਲੇ ਤੋਂ ਬਾਅਦ ਮੌਕੇ 'ਤੇ ਮੌਜੂਦ ਹੋਰਨਾਂ ਵਿਦਿਆਰਥੀਆਂ ਨੇ ਜ਼ਖ਼ਮੀ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੋਂ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਗਿਆ | ਇਲਾਜ ਮਗਰੋਂ ਹੁਣ ਪੀੜਤ ਨੂੰ ਛੁੱਟੀ ਮਿਲ ਗਈ ਹੈ | ਡੇਰਾਬੱਸੀ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ਼ ਕਬਜ਼ੇ 'ਚ ਲੈ ਕੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਹਰਸ਼ ਰਾਣਾ ਨੇ ਦੱਸਿਆ ਕਿ ਕੁਝ ਵਿਦਿਆਰਥੀ ਉਸ ਤੋਂ ਕਾਲਜ 'ਚ ਪੜ੍ਹਦੀਆਂ ਲੜਕੀਆਂ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਆਈ. ਡੀ. ਮੰਗ ਰਹੇ ਸਨ ਅਤੇ ਜਦੋਂ ਉਸ ਨੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ |