15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਘੜੂੰਆਂ ਕਾਨੂੰਨਗੋਈ ਦੇ 36 ਪਿੰਡਾਂ ਨੂੰ ਜ਼ਿਲ੍ਹਾ ਰੋਪੜ ਨਾਲ ਜੋੜਨ ਲਈ ਸਰਕਾਰ ਦੀ ਕੋਈ ਤਜਵੀਜ਼ ਨਹੀਂ : ਡਾ. ਚਰਨਜੀਤ ਸਿੰਘ

ਅਜੀਤ ਡੈਸਕ 20-11-2025
ਖਰੜ, 19 ਨਵੰਬਰ (ਗੁਰਮੁੱਖ ਸਿੰਘ ਮਾਨ/ਤਰਸੇਮ ਸਿੰਘ ਜੰਡਪੁਰੀ)-ਜ਼ਿਲ੍ਹਾ ਮੁਹਾਲੀ ਦੀ ਘੜੂੰਆਂ ਕਾਨੂੰਨਗੋਈ ਦੇ 36 ਪਿੰਡਾਂ ਸਮੇਤ ਹੋਰਨਾਂ ਖੇਤਰਾਂ ਨੂੰ ਜ਼ਿਲ੍ਹਾ ਰੋਪੜ ਵਿਚ ਸ਼ਾਮਿਲ ਕਰਕੇ ਜ਼ਿਲ੍ਹੇ ਦੀ ਹੋਂਦ ਬਰਕਰਾਰ ਰੱਖਣ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿਚ ਬਾਰ ਐਸੋਸੀਏਸ਼ਨ ਖਰੜ, ਭਾਰਤੀ ਕਿਸਾਨ ਯੂਨੀਅਨਾਂ ਅਤੇ ਪਿੰਡਾਂ ਦੇ ਵਸਨੀਕਾਂ ਵਲੋਂ 'ਆਪ' ਸਰਕਾਰ ਦੇ ਖ਼ਿਲਾਫ਼ ਸ਼ੁਰੂ ਕੀਤੇ ਗਏ ਸੰਘਰਸ਼ ਦੀ ਲੜੀ ਤਹਿਤ ਅੱਜ ਤੀਸਰੇ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਕਿਹਾ ਕਿ ਉਕਤ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮਾਂਕਾਰਾਂ ਲਈ ਰੋਪੜ ਆਉਣ-ਜਾਣ ਸਮੇਂ ਔਖ ਹੋਵੇਗੀ | ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੇਹਰ ਸਿੰਘ ਥੇੜ੍ਹੀ ਨੇ ਕਿਹਾ ਕਿ ਉਕਤ ਪਿੰਡਾਂ ਦਾ ਕਦੇ ਜ਼ਿਲ੍ਹਾ, ਕਦੇ ਬਲਾਕ, ਕਦੇ ਤਹਿਸੀਲ ਅਤੇ ਹੁਣ ਫਿਰ ਜ਼ਿਲ੍ਹਾ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਜਿਸ ਢੰਗ ਦੀ ਲੜਾਈ ਲੜਨੀ ਪਈ, ਉਹ ਲੜੀ ਜਾਵੇਗੀ ਅਤੇ ਸਰਕਾਰ ਬੇਤੁਕੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਪੰਚਾਇਤਾਂ ਤੋਂ ਮਤੇ ਪੁਆਉਣੇ ਚਾਹੀਦੇ ਹਨ | ਉਨ੍ਹਾਂ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਿਵੇਂ ਵੀ ਧਰਨਾ ਚਲਾਉਣਗੇ, ਕਿਸਾਨ ਯੂਨੀਅਨਾਂ ਵਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਕਿਸੇ ਵੀ ਹਾਲਤ 'ਚ ਅਸੀਂ ਆਪਣਾ ਇਲਾਕਾ ਰੋਪੜ ਵਿਚ ਨਹੀਂ ਜਾਣ ਦੇਵਾਂਗੇ | ਇਸ ਮੌਕੇ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਿਹਾ ਕਿ ਸਾਨੂੰ ਵਿਧਾਇਕਾਂ ਦੇ ਅੱਗੇ ਵੀ ਰੋਸ ਧਰਨੇ ਦੇਣਾ ਚਾਹੀਦਾ ਹੈ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਸੰਘਰਸ਼ ਵਿਚ ਲੋਕਾਂ ਦੇ ਨਾਲ ਖੜ੍ਹੀ ਹੈ | ਇਸੇ ਦੌਰਾਨ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ 'ਤੇ ਟਿੱਪਣੀ ਕਰਦਿਆਂ ਕਿ ਵਿਧਾਇਕ ਨੂੰ ਭਰੋਸਾ ਦਿਵਾਉਣਾ ਚਾਹੀਦਾ ਸੀ ਕਿ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ, ਨਾ ਕਿ ਉਸ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਉਹ ਡਾਕਟਰ ਹਨ ਤੇ ਤੁਸੀਂ ਘੱਟ ਪੜੇ੍ਹ ਲਿਖੇ ਹੋ | ਉਨ੍ਹਾਂ ਕਿਹਾ ਕਿ ਭਾਵੇਂ ਵਿਧਾਇਕ ਮੁਆਫ਼ੀ ਮੰਗ ਲਈ ਹੈ, ਜੋ ਕਿ ਚੰਗੀ ਗੱਲ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦੇਵਿੰਦਰ ਸਿੰਘ ਦੇਹਕਲਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਲਕਾ ਵਿਧਾਇਕ ਡਾ. ਚੰਨੀ ਨੇ ਭਰੋਸਾ ਦਿਵਾਇਆ ਹੈ ਕਿ ਘੜੂੰਆਂ ਕਾਨੂੰਨਗੋਈ ਦੇ ਪਿੰਡਾਂ ਨੂੰ ਜ਼ਿਲ੍ਹਾ ਰੋਪੜ ਨਾਲ ਨਹੀਂ ਜੋੜਿਆ ਜਾਵੇਗਾ, ਜਿਸ ਲਈ ਉਨ੍ਹਾਂ ਪਿੰਡਾਂ ਦੇ ਲੋਕਾਂ, ਰਾਜਸੀ ਪਾਰਟੀਆਂ ਤੇ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵਕੀਲਾਂ ਵਲੋਂ ਜੋ ਕੁਰਾਲੀ ਤੇ ਮਾਜਰੀ ਨੂੰ ਜ਼ਿਲ੍ਹਾ ਮੁਹਾਲੀ ਨਾਲ ਜੋੜੇ ਰੱਖਣ ਲਈ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ, ਉਸ ਸੰਘਰਸ਼ 'ਚ ਵੀ ਅਸੀਂ ਪੂਰਾ ਸਾਥ ਦੇਵਾਂਗੇ | ਇਸ ਤੋਂ ਬਾਅਦ ਐਡਵੋਕੇਟ ਤਾਰਾ ਚੰਦ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਅੱਜ ਹਲਕਾ ਵਿਧਾਇਕ ਭਰੋਸਾ ਦੇ ਕੇ ਗਏ ਹਨ, ਪਰ ਸਵਾਲ ਇਹ ਹੈ ਕਿ ਮੁੱਖ ਮੰਤਰੀ ਇਸ ਭਰੋਸੇ ਨੂੰ ਮੰਨਗੇ | ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣ ਦਾ ਫ਼ੈਸਲਾ ਸਵਾਗਤਯੋਗ ਹੈ, ਪਰ ਸਾਨੂੰ ਇਹ ਭਰੋਸਾ ਮਿਲਣਾ ਚਾਹੀਦਾ ਕਿ ਜ਼ਿਲ੍ਹਾ ਮੁਹਾਲੀ ਦਾ ਕੋਈ ਵੀ ਪਿੰਡ ਜ਼ਿਲ੍ਹਾ ਰੋਪੜ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ | ਇਸ ਮੌਕੇ ਐਡਵੋਕੇਟ ਪਿ੍ਤਪਾਲ ਸਿੰਘ ਬਾਸੀ, ਕਿਸਾਨ ਆਗੂ ਰਵਿੰਦਰ ਸਿੰਘ ਗਰੇਵਾਲ, ਰਵਿੰਦਰ ਸਿੰਘ ਖੇੜਾ, ਕਾਂਗਰਸੀ ਆਗੂ ਵਿਜੇ ਸ਼ਰਮਾ ਟਿੰਕੂ, ਸ਼ਰਮੀਲਾ ਠਾਕੁਰ, ਭਾਜਪਾ ਆਗੂ ਨਰਿੰਦਰ ਸਿੰਘ ਰਾਣਾ ਅਤੇ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਆਦਿ ਵਲੋਂ ਵੀ ਧਰਨੇ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਅਕਾਲੀ ਆਗੂ ਕੁਲਵੰਤ ਸਿੰਘ ਤਿ੍ਪੜੀ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਕਮਲਜੀਤ ਸਿੰਘ ਚਾਵਲਾ, ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ, ਖੁਸ਼ਵੰਤ ਰਾਏ ਗੀਗਾ, ਚਰਨਜੀਤ ਸਿੰਘ ਢੀਂਡਸਾ, ਅਮਨਦੀਪ ਸਿੰਘ ਅੰਮੂ, ਅਕਾਲੀ ਆਗੂ ਹਰਜਿੰਦਰ ਸਿੰਘ ਬਲੌਂਗੀ, ਪ੍ਰਵੇਸ਼ ਭਾਰਤੀ, ਅਮਰੀਕ ਸਿੰਘ ਹੈਪੀ, ਨਛੱਤਰ ਸਿੰਘ ਬੈਦਵਾਣ, ਹਰਜੀਤ ਸਿੰਘ ਪੰਨੂੰ, ਮਲਕੀਅਤ ਸਿੰਘ ਖੱਟੜਾ ਸਾਬਕਾ ਡਾਇਰੈਕਟਰ, ਅਮਰਜੀਤ ਸਿੰਘ ਸਰਪੰਚ, ਸੰਜੀਵ ਰੂਬੀ, ਅਮਨਦੀਪ ਸਿੰਘ ਮਾਨ, ਮੇਵਾ ਸਿੰਘ, ਮੋਹਨ ਸਿੰਘ, ਰਣਜੀਤ ਸਿੰਘ ਬਜਹੇੜੀ, ਜਸਵਿੰਦਰ ਸਿੰਘ ਮਦਨਹੇੜੀ ਤੇ ਗਿਆਨ ਸਿੰਘ ਧੜਾਕ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦੇ ਵਸਨੀਕ, ਰਾਜਸੀ ਪਾਰਟੀਆਂ ਦੇ ਆਗੂ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਬਰਾਮਦ ਹੋਣ ਦੇ ਮਾਮਲੇ 'ਚ ਨਾਮਜ਼ਦ ਸਹਿ-ਮੁਲਜ਼ਮ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਡੇਰਾਬੱਸੀ ਹਲਕੇ ਤੋਂ ਬਸਪਾ ਵਲੋਂ ਚੋਣ ਲੜ ਚੁੱਕੇ ਸਤੀਸ਼ ਸ਼ਰਮਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।