22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮਗਨਰੇਗਾ ਕਾਮਿਆਂ ਦੀ ਗਿਣਤੀ 'ਚ ਕਟੌਤੀ ਗ਼ਰੀਬ ਪਰਿਵਾਰਾਂ 'ਤੇ ਭਾਜਪਾ ਦੀ ਕੇਂਦਰ ਸਰਕਾਰ ਦਾ ਵੱਡਾ ਵਾਰ : ਸਿੱਧੂ <br/>

ਅਜੀਤ ਡੈਸਕ 19-11-2025
ਐੱਸ. ਏ. ਐੱਸ. ਨਗਰ, 18 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮਗਨਰੇਗਾ ਡੇਟਾਬੇਸ 'ਚੋਂ ਕੇਵਲ ਇਕ ਮਹੀਨੇ ਅੰਦਰ ਲਗਭਗ 27 ਲੱਖ ਮਜ਼ਦੂਰਾਂ ਦੇ ਨਾਂਅ ਕੱਟੇ ਜਾਣ ਦੀ ਖ਼ਬਰ ਨੂੰ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਬਹੁਤ ਹੀ ਚਿੰਤਾਜਨਕ ਦੱਸਦਿਆਂ ਇਸ ਨੂੰ ਗ਼ਰੀਬ ਵਰਗ ਨਾਲ ਕੀਤੀ ਗਈ ਸਿੱਧੀ ਬੇਇਨਸਾਫ਼ੀ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਕਾਰਵਾਈ ਇਕ ਗੰਭੀਰ ਪ੍ਰਸ਼ਾਸਨਿਕ ਨਾਕਾਮੀ ਅਤੇ ਮਜ਼ਦੂਰ-ਵਿਰੋਧੀ ਫ਼ੈਸਲਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਨੇ ਈ-ਕੇ. ਵਾਈ. ਸੀ. ਦੀ ਆੜ 'ਚ ਕਰੋੜਾਂ ਗ਼ਰੀਬ ਕਾਮਿਆਂ ਨੂੰ ਆਪਣੇ ਕਾਨੂੰਨੀ ਹੱਕ ਤੋਂ ਵਾਂਝੇ ਕਰਨ ਦੀ ਸਾਜਿਸ਼ ਰਚੀ ਹੈ | ਲਿਬ ਟੈੱਕ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸਾਬਕਾ ਮੰਤਰੀ ਸਿੱਧੂ ਨੇ ਕਿਹਾ ਕਿ ਜਿਥੇ ਪਿਛਲੇ ਛੇ ਮਹੀਨਿਆਂ 'ਚ ਕੇਵਲ 15 ਲੱਖ ਵਰਕਰ ਹੀ ਹਟੇ ਸਨ, ਉਥੇ ਹੀ 10 ਅਕਤੂਬਰ ਤੋਂ ਲੈ ਕੇ 14 ਨਵੰਬਰ ਤੱਕ ਭਾਵ ਇਕ ਮਹੀਨੇ 'ਚ 27 ਲੱਖ ਮਜ਼ਦੂਰਾਂ ਦੇ ਨਾਂਅ ਕੱਟੇ ਜਾਣਾ ਦਰਸਾਉਂਦਾ ਹੈ ਕਿ ਇਹ ਕੋਈ ਨਿਰੰਤਰ ਤਸਦੀਕੀ ਪ੍ਰਕਿਰਿਆ ਨਹੀਂ, ਸਗੋਂ ਜਾਣ ਬੁੱਝ ਕੇ ਕੀਤਾ ਗਿਆ ਵੱਡੇ ਪੱਧਰ 'ਤੇ ਡੇਟਾਬੇਸ ਸਫ਼ਾਇਆ ਹੈ | ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਛਤੀਸਗੜ੍ਹ ਆਦਿ ਰਾਜਾਂ 'ਚ ਈ-ਕੇ. ਵਾਈ. ਸੀ. ਦਾ ਰਿਕਾਰਡ ਸਭ ਤੋਂ ਵਧੀਆ ਹੈ ਅਤੇ ਉਥੇ ਹੀ ਸਭ ਤੋਂ ਵੱਧ ਨਾਂਅ ਕੱਟੇ ਗਏ ਹਨ | ਇਹ ਗੱਲ ਕੇਂਦਰ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਨਹੀਂ, ਸਗੋਂ ਸ਼ੱਕੀ ਤੇ ਪੱਖਪਾਤੀ ਬਣਾਉਂਦੀ ਹੈ | ਸਿੱਧੂ ਨੇ ਕਿਹਾ ਕਿ ਮਜ਼ਦੂਰ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਲਿਹਾਜ਼ਾ ਇਹ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਮਗਨਰੇਗਾ 'ਚ ਕੰਮ ਕਰਨ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਸੀ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਸਾਰੇ ਕੱਟੇ ਗਏ ਜੌਬ ਕਾਰਡਾਂ ਦੀ ਸੁਤੰਤਰ ਜਾਂਚ ਕਰਵਾਏ, ਗ਼ਲਤ ਤਰੀਕੇ ਨਾਲ ਹਟਾਏ ਗਏ ਨਾਂਅ ਤੁਰੰਤ ਬਹਾਲ ਕਰੇ ਅਤੇ ਈ-ਕੇ. ਵਾਈ. ਸੀ. ਦੀ ਆੜ 'ਚ ਚੱਲ ਰਹੀ ਇਸ ਕਾਰਵਾਈ ਨੂੰ ਰੋਕੇ | ਉਨ੍ਹਾਂ ਕਿਹਾ ਕਿ ਮਗਨਰੇਗਾ ਕਾਮੇ ਦੇਸ਼ ਦੀ ਪੇਂਡੂ ਅਰਥ-ਵਿਵਸਥਾ ਦਾ ਮਜ਼ਬੂਤ ਆਧਾਰ ਹਨ ਅਤੇ ਉਨ੍ਹਾਂ ਦੇ ਹੱਕਾਂ ਨਾਲ ਛੇੜਛਾੜ ਕਿਸੇ ਵੀ ਰੂਪ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਸਪੱਸ਼ਟ ਕੀਤ ਕਿ ਮਗਨਰੇਗਾ ਕੋਈ ਭੇਟ ਨਹੀਂ, ਸਗੋਂ ਕਾਨੂੰਨੀ ਅਧਿਕਾਰ ਹੈ | ਇਸ ਅਧਿਕਾਰ ਨੂੰ ਡਿਜ਼ੀਟਲ ਖਾਮੀਆਂ ਜਾਂ ਤਸਦੀਕੀ ਗ਼ਲਤੀਆਂ ਦੇ ਹਵਾਲਿਆਂ ਨਾਲ ਖ਼ਤਮ ਕਰਨਾ ਸੰਵਿਧਾਨਕ ਮੁੱਲਾਂ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਮਜ਼ਦੂਰਾਂ ਲਈ ਮੁਸ਼ਕਿਲ ਡਿਜ਼ੀਟਲ ਸੈਂਟਰ ਬਣਾਉਣ ਦੀ ਬਜਾਏ ਆਸਾਨ ਤੇ ਮਨੁੱਖੀ-ਕੇਂਦਰਿਤ ਪ੍ਰਕਿਰਿਆਵਾਂ ਤਿਆਰ ਕੀਤੀਆਂ ਜਾਣ |

ਪਿਛਲੀ ਖ਼ਬਰ ਫਲਿਪਕਾਰਟ ਮਿੰਟਸ ਨੇ ਮੁਹਾਲੀ, ਖਰੜ ਅਤੇ ਜ਼ੀਰਕਪੁਰ 'ਚ 10 ਮਿੰਟ ਡਲਿਵਰੀ ਸੇਵਾ ਕੀਤੀ ਸ਼ੁਰੂ ਅਗਲੀ ਖ਼ਬਰ ਮਮਤਾ ਕੁਮਾਰੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਖੀ ਵਨ ਸਟਾਪ ਸੈਂਟਰ ਅਤੇ ਫੇਜ਼-6 ਹਸਪਤਾਲ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।