ਐੱਸ. ਏ. ਐੱਸ. ਨਗਰ, 18 ਨਵੰਬਰ (ਕਪਿਲ ਵਧਵਾ)-ਸਾਲ 2020 ਵਿਚ ਫੇਜ਼-7/8 ਦੇ ਲਾਈਟ ਪੁਆਇੰਟ 'ਤੇ ਗੰਭੀਰ ਰੂਪ ਵਿਚ ਜ਼ਖ਼ਮੀ ਹਾਲਤ 'ਚ ਮਿਲੇ ਵਿਅਕਤੀ ਦੇ ਕਤਲ ਮਾਮਲੇ ਵਿਚ ਅੱਜ ਵੱਡੀ ਪ੍ਰਗਤੀ ਸਾਹਮਣੇ ਆਈ ਹੈ | ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਇਸ ਮਾਮਲੇ ਵਿਚ ਨਾਮਜ਼ਦ ਤਿੰਨੋਂ ਮੁਲਜ਼ਮਾਂ ਪ੍ਰਦੀਪ, ਪਵਨ ਉਰਫ਼ ਮੁੰਨਾ ਅਤੇ ਰਣਜੀਤ ਕੁਮਾਰ ਨੂੰ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਇਹ ਮਾਮਲਾ 24 ਮਈ 2020 ਨੂੰ ਥਾਣਾ ਫੇਜ਼-8 ਵਿਖੇ ਧਾਰਾ 302, 34 ਆਈ. ਪੀ. ਸੀ. ਤਹਿਤ ਦਰਜ ਐੱਫ. ਆਈ. ਆਰ. ਨਾਲ ਸੰਬੰਧਤ ਹੈ | ਉਸ ਸਮੇਂ ਫੇਜ਼-7/8 ਦੀ ਸਲਿੱਪ ਰੋਡ ਦੇ ਨਜ਼ਦੀਕ ਇਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ 'ਚ ਮਿਲਿਆ ਸੀ, ਜਿਸ ਨੂੰ ਏ. ਐੱਸ. ਆਈ. ਪਰਸ਼ੋਤਮ ਸਿੰਘ ਨੇ ਤੁਰੰਤ ਹਸਪਤਾਲ ਪਹੁੰਚਾਇਆ ਸੀ | ਰਸਤੇ 'ਚ ਜ਼ਖ਼ਮੀ ਨੇ ਆਪਣੀ ਪਛਾਣ ਦੀਨੇਸ਼ ਉਰਫ਼ ਸੋਨੂੰ ਹਰਿਆਣਵੀਂ ਵਜੋਂ ਕਰਵਾਈ ਸੀ ਤੇ ਦਾਅਵਾ ਕੀਤਾ ਸੀ ਕਿ ਉਸ 'ਤੇ ਪ੍ਰਦੀਪ ਨੇ ਦਾਤਰ ਨਾਲ ਵਾਰ ਕੀਤਾ ਸੀ, ਜਦਕਿ ਪਵਨ ਅਤੇ ਰਣਜੀਤ ਨੇ ਡੰਡਿਆਂ ਨਾਲ ਹਮਲਾ ਕੀਤਾ ਸੀ, ਜਦਕਿ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਸੀ | ਇਹ ਬਿਆਨ ਮਾਮਲੇ ਦਾ ਮੁੱਖ ਆਧਾਰ ਬਣਿਆ ਸੀ ਅਤੇ ਤਿੰਨੋਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਪਵਨ ਦੀ ਜ਼ਮਾਨਤ ਅਰਜ਼ੀ 2023 ਵਿਚ ਜੱਜ ਕਿ੍ਸ਼ਨ ਕੁਮਾਰ ਸਿੰਗਲਾ ਵਲੋਂ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਦੋਸ਼ ਗੰਭੀਰ ਸਨ ਅਤੇ ਮੌਤ ਤੋਂ ਪਹਿਲਾਂ ਜ਼ਖ਼ਮੀ ਵਲੋਂ ਦਿੱਤੇ ਗਏ ਬਿਆਨਾਂ ਨੂੰ ਅਹਿਮ ਸਬੂਤ ਮੰਨਿਆ ਗਿਆ ਸੀ, ਪ੍ਰੰਤੂ ਅੱਜ ਅਦਾਲਤ ਨੇ ਲੰਮੇ ਟ੍ਰਾਇਲ ਤੋਂ ਬਾਅਦ ਪੇਸ਼ ਸਬੂਤਾਂ, ਗਵਾਹੀਆਂ ਅਤੇ ਬਿਆਨਾਂ ਦੀ ਪੂਰੀ ਜਾਂਚ ਕਰਨ ਉਪਰੰਤ ਇਹ ਨਤੀਜਾ ਕੱਢਿਆ ਕਿ ਮੁਲਜ਼ਮਾਂ ਵਿਰੁੱਧ ਦੋਸ਼ ਸਾਬਿਤ ਕਰਨ ਲਈ ਪੱਕੇ ਅਤੇ ਭਰੋਸੇਯੋਗ ਸਬੂਤ ਉਪਲੱਬਧ ਨਹੀਂ ਹਨ, ਇਸ ਲਈ ਪ੍ਰਦੀਪ, ਪਵਨ ਅਤੇ ਰਣਜੀਤ ਕੁਮਾਰ ਨੂੰ ਬੇਦੋਸ਼ੇ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਗਿਆ |