ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਚੇਨਈ 'ਚ ਹੋਈ 23ਵੀਂ ਏਸ਼ੀਆ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ-2025 ਵਿਚ ਚੰਡੀਗੜ੍ਹ ਦੇ 94 ਸਾਲਾ ਉਮਰ ਦੇ ਦੌੜਾਕ ਕਿਰਪਾਲ ਸਿੰਘ ਨੇ 90 ਸਾਲ ਤੋਂ ਵੱਧ ਉਮਰ ਦੇ ਵਰਗ ਵਿਚ 5000 ਮੀਟਰ ਪੈਦਲ ਚਾਲ ਵਿਚ ਸੋਨੇ ਦਾ ਅਤੇ 100 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ | ਹਾਲ ਹੀ 'ਚ ਖ਼ਤਮ ਹੋਏ ਇਨ੍ਹਾਂ ਮੁਕਾਬਲਿਆਂ 'ਚ ਕਿਰਪਾਲ ਸਿੰਘ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਉਹ ਹੁਣ ਤੱਕ ਰਾਸ਼ਟਰੀ ਪੱਧਰ 'ਤੇ 12 ਅਤੇ ਅੰਤਰਰਾਸ਼ਟਰੀ ਪੱਧਰ ਤੇ ਤਿੰਨ ਮੈਡਲ ਹਾਸਿਲ ਕਰ ਚੁੱਕੇ ਹਨ | ਵਰਣਨ ਯੋਗ ਹੈ ਕਿ ਕਿਰਪਾਲ ਸਿੰਘ ਨੇ 92 ਸਾਲ ਦੀ ਉਮਰ 'ਚ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਦੀ ਸ਼ੁਰੂਆਤ ਕਰਦੇ ਹੋਏ ਪਿਛਲੇ ਸਾਲ ਕੁਆਲਾਲਮਪੁਰ 'ਚ ਹੋਈ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਵੀ ਉਹ ਜਿੱਤ ਚੁੱਕੇ ਹਨ |