ਜ਼ੀਰਕਪੁਰ, 18 ਨਵੰਬਰ (ਮਨਿੰਦਰ ਸਿੰਘ)-ਸੋਮਵਾਰ ਨੂੰ ਸ਼ਾਮ ਸਮੇਂ ਲੋਹਗੜ੍ਹ ਇਲਾਕੇ ਚ ਕੁਝ ਹਮਲਾਵਰਾਂ ਨੇ ਇਕ ਕੈਮਿਸਟ ਦੀ ਦੁਕਾਨ 'ਤੇ ਹਮਲਾ ਕਰਕੇ ਦੁਕਾਨ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਤੇ ਮੌਕੇ ਤੋਂ ਫ਼ਰਾਰ ਹੋ ਗਏ | ਦੁਕਾਨ ਦੇ ਮਾਲਕ ਸੰਜੀਵ ਜਿੰਦਲ ਨੇ ਜ਼ੀਰਕਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਸੰਜੀਵ ਜਿੰਦਲ ਨੇ ਦੱਸਿਆ ਕਿ ਉਸ ਨੇ ਇਕ ਹਲਵਾਈ ਤੋਂ ਕੁਝ ਪੈਸੇ ਲੈਣੇ ਸਨ | ਸੋਮਵਾਰ ਨੂੰ ਉਸ ਦੀ ਪਤਨੀ ਨੇ ਪੈਸੇ ਲੈਣ ਲਈ ਫ਼ੋਨ ਕੀਤਾ, ਪਰ ਉਸ ਨੇ ਫ਼ੋਨ ਦਾ ਜਵਾਬ ਨਹੀਂ ਦਿੱਤਾ | ਜਦੋਂ ਉਸ ਦੀ ਪਤਨੀ ਦੁਕਾਨ 'ਤੇ ਗਈ ਤਾਂ ਦੋਵਾਂ ਵਿਚਕਾਰ ਬਹਿਸ ਹੋ ਗਈ | ਮਾਮਲਾ ਜ਼ਿਆਦਾ ਵਧਣ 'ਤੇ ਉਹ ਖ਼ੁਦ ਹਲਵਾਈ ਦੀ ਦੁਕਾਨ 'ਤੇ ਪਹੁੰਚ ਗਿਆ | ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚ ਜ਼ਬਰਦਸਤ ਬਹਿਸ ਹੋ ਗਈ | ਸੰਜੀਵ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਝਗੜੇ ਤੋਂ ਥੋੜੀ ਦੇਰ ਬਾਅਦ ਕੁਝ ਲੋਕ ਉਸ ਦੀ ਕੈਮਿਸਟ ਦੀ ਦੁਕਾਨ ਵਿਚ ਦਾਖ਼ਲ ਹੋਏ ਅਤੇ ਉਸ 'ਤੇ ਹਮਲਾ ਕਰ ਦਿੱਤਾ | ਉਨ੍ਹਾਂ ਨੇ ਦੁਕਾਨ ਦਾ ਸਾਰਾ ਸਾਮਾਨ ਖਿਲਾਰ ਦਿੱਤਾ ਤੇ ਉਸ ਨੂੰ ਘੇਰ ਲਿਆ | ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ | ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਦੁਕਾਨ ਦੀ ਵੀ ਭੰਨ-ਤੋੜ ਕੀਤੀ, ਜਿਸ ਨਾਲ ਉਸ ਦਾ ਕਾਫ਼ੀ ਨੁਕਸਾਨ ਹੋਇਆ ਹੈ | ਦੂਜੇ ਪਾਸੇ ਪੁਲਿਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਹਮਲੇ ਵਿਚ ਸ਼ਾਮਿਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |