ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-18ਵੀਂ ਚੰਡੀਗੜ੍ਹ ਸਾਇੰਸ ਕਾਂਗਰਸ (ਚੈਸਕੋਨ 2025) ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸ਼ੁਰੂਆਤ ਕੀਤੀ ਗਈ | ਤਿੰਨ ਦਿਨਾਂ ਚੱਲਣ ਵਾਲੀ ਕਾਂਗਰਸ ਦਾ ਵਿਸ਼ਾ ਮਨੁੱਖਤਾ ਨੂੰ ਸਸ਼ਕਤ ਬਣਾਉਣਾ, ਵਿਗਿਆਨ, ਤਕਨਾਲੋਜੀ ਅਤੇ ਸਾਰਿਆਂ ਦੀ ਸਿਹਤ ਸੰਭਾਲ ਸਬੰਧੀ ਰੱਖਿਆ ਗਿਆ ਹੈ | ਚੰਡੀਗੜ੍ਹ ਖੇਤਰ ਅਤੇ ਹੋਰ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਸੰਸਥਾਵਾਂ ਤੇ ਉਦਯੋਗਿਕ ਘਰਾਣਿਆਂ ਦੇ 1,200 ਦੇ ਕਰੀਬ ਸਿੱਖਿਆ ਸ਼ਾਸਤਰੀ, ਉੱਘੇ ਵਿਗਿਆਨੀ ਤੇ ਖੋਜਕਰਤਾ ਨੇ ਹਿੱਸਾ ਲਿਆ | ਤਿੰਨ ਦਿਨਾਂ ਵੱਕਾਰੀ ਸਾਇੰਸ ਕਾਂਗਰਸ ਦੀ ਸ਼ੁਰੂਆਤ ਪੀ. ਯੂ. ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਮੁੱਖ ਮਹਿਮਾਨ ਡਾ. ਸੰਜੇ ਕੁਮਾਰ ਚੇਅਰਮੈਨ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ (ਏ. ਐਸ. ਆਰ. ਬੀ.) ਦਾ ਭਾਰਤ ਸਰਕਾਰ ਵਲੋਂ ਧੰਨਵਾਦ ਕੀਤਾ | ਚੰਡੀਗੜ੍ਹ ਖੇਤਰ ਦੇ ਵੱਖ-ਵੱਖ ਸੰਸਥਾਵਾਂ ਤੇ ਪੀ. ਯੂ. ਦੇ ਵਿਭਾਗਾਂ ਦੀਆਂ ਖੋਜ ਗਤੀਵਿਧੀਆਂ ਦੀ ਇਕ ਪ੍ਰਦਰਸ਼ਨੀ ਵੀ ਲਾਅ ਆਡੀਟੋਰੀਅਮ ਗਰਾਊਾਡ ਵਿਖੇ ਸ਼ੁਰੂ ਹੋਈ | ਮੁੱਖ ਭਾਸ਼ਨ ਦਿੰਦੇ ਹੋਏ ਟਰਾਈ ਮੈਂਬਰ ਤੇ ਪ੍ਰਸਿੱਧ ਪੀ. ਯੂ. ਦੇ ਸਾਬਕਾ ਵਿਦਿਆਰਥੀ ਆਰ. ਆਰ. ਮਿੱਤਰ ਨੇ ਡਿਜੀਟਲ ਸਮਾਵੇਸ਼, ਸਿੱਖਿਆ ਤੇ ਸਿਹਤ ਸੰਭਾਲ ਨਵੀਨਤਾ 'ਤੇ ਗੱਲ ਕੀਤੀ | ਉਨ੍ਹਾਂ ਨੇ ਭਾਰਤ ਦੇ ਡਿਜੀਟਲ ਪਰਿਵਰਤਨ ਨੂੰ ਉਜਾਗਰ ਕੀਤਾ, ਜਿਸ 'ਚ 1.22 ਬਿਲੀਅਨ ਤੋਂ ਵੱਧ ਮੋਬਾਈਲ ਉਪਭੋਗਤਾ ਸ਼ਾਮਿਲ ਹਨ | ਜਿਨ੍ਹਾਂ ਵਿਚੋਂ 538.5 ਮਿਲੀਅਨ ਪੇਂਡੂ ਖੇਤਰਾਂ ਵਿਚ ਹਨ ਤੇ ਮੋਬਾਈਲ ਡਾਟਾ ਲਾਗਤਾਂ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਹਨ | ਮਿੱਤਰ ਨੇ ਸਿਹਤ ਸੰਭਾਲ, ਸਿੱਖਿਆ ਤੇ ਪਹੁੰਚਯੋਗਤਾ ਨੂੰ ਬਦਲਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਕੰਪਿਊਟਿੰਗ ਦੀ ਸੰਭਾਵਨਾ ਨੂੰ ਵੀ ਉਜਾਗਰ ਕੀਤਾ | ਮੁੱਖ ਮਹਿਮਾਨ ਚੇਅਰਮੈਨ ਡਾ. ਸੰਜੇ ਕੁਮਾਰ ਨੇ ਉਨ੍ਹਾਂ ਚੀਜ਼ਾਂ ਦੇ ਸਵਦੇਸ਼ੀ ਉਤਪਾਦਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਦੇਸ਼ ਦੇ ਅੰਦਰ ਤਿਆਰ ਕੀਤੀਆਂ ਜਾ ਸਕਦੀਆਂ ਹਨ | ਉਦਯੋਗਪਤੀ ਸੰਜੀਵ ਸਿੰਘ ਸੇਠੀ ਨੇ ਨਵੀਨਤਾ ਤੇ ਰਾਸ਼ਟਰੀ ਵਿਕਾਸ ਦੇ ਅਧਾਰ ਵਜੋਂ ਉਦਯੋਗ-ਅਕਾਦਮਿਕ ਸਹਿਯੋਗ ਦੀ ਮਹੱਤਤਾ 'ਤੇ ਇਕ ਪ੍ਰਭਾਵਸ਼ਾਲੀ ਭਾਸ਼ਨ ਦਿੱਤਾ | ਚੈਸਕੌਨ 2025 ਦਾ ਉਦਘਾਟਨ ਸਮਾਰੋਹ ਪੀ. ਯੂ ਦੇ ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਮੀਨਾਕਸ਼ੀ ਗੋਇਲ ਦੇ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਇਆ |