ਚੰਡੀਗੜ੍ਹ, 6 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਯੂ. ਟੀ. ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ, ਇਸ ਦੌਰਾਨ ਉਨ੍ਹਾਂ ਵਲੋਂ ਸਰਕਾਰੀ ਕਾਰਜਾਂ ਦੀ ਗਤੀ ਤੇ ਕੁਸ਼ਲਤਾ ਵਧਾਉਣ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ | ਮੁੱਖ ਸਕੱਤਰ ਨੇ ਮੀਟਿੰਗ ਦੌਰਾਨ ਪ੍ਰਸ਼ਾਸਕ ਵਲੋਂ ਹਾਸਿਲ ਹਵਾਲਿਆਂ ਦਾ ਸਮੇਂ ਸਿਰ ਜਵਾਬ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਵੀ ਪੱਤਰ ਵਿਹਾਰ 'ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸਾਰੇ ਵਿਭਾਗਾਂ ਨੂੰ ਇਸ ਸੰਬੰਧ 'ਚ ਪੂਰੀ ਜਵਾਬਦੇਹੀ ਨਿਭਾਉਣ ਲਈ ਕਿਹਾ ਗਿਆ | ਐਚ ਰਾਜੇਸ਼ ਪ੍ਰਸਾਦ ਨੇ ਪ੍ਰਭਾਵਸ਼ਾਲੀ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੇ ਨਿਰਮਾਣ 'ਤੇ ਵੀ ਜ਼ੋਰ ਦਿੱਤਾ ਅਤੇ ਹੁਕਮ ਦਿੱਤਾ ਕਿ 15 ਦਸੰਬਰ 2025 ਤੱਕ ਨਵਾਂ ਆਨਲਾਈਨ ਜਨਤਕ ਸ਼ਿਕਾਇਤ ਪੋਰਟਲ ਸ਼ੁਰੂ ਕੀਤਾ ਜਾਵੇ ਤਾਂ ਜੋ ਨਾਗਰਿਕ ਆਪਣੀਆਂ ਸ਼ਿਕਾਇਤਾਂ ਆਸਾਨੀ ਨਾਲ ਦਰਜ ਤੇ ਟਰੈਕ ਕਰ ਸਕਣ | ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਵਿਚ ਈ-ਆਫਿਸ ਪ੍ਰਣਾਲੀ ਦੇ ਲਾਗੂ ਹੋਣ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਹੁਣ ਤੱਕ ਹੋਏ ਯਤਨਾਂ ਦੀ ਸ਼ਲਾਘਾ ਕਰਦਿਆਂ ਨਿਰਦੇਸ਼ ਦਿੱਤਾ ਕਿ ਸਾਰੇ ਵਿਭਾਗ ਜਲਦੀ ਕਾਗਜ਼ ਰਹਿਤ ਪ੍ਰਣਾਲੀ ਵੱਲ ਪੂਰੀ ਤਰ੍ਹਾਂ ਤਬਦੀਲ ਹੋਣ | ਇਸ ਤੋਂ ਇਲਾਵਾ ਵਿਭਾਗਾਂ ਨੂੰ ਕਿਹਾ ਗਿਆ ਕਿ ਉਹ ਸੇਵਾ ਅਧਿਕਾਰ ਕਮਿਸ਼ਨ ਦੇ ਨਿਯਮਾਂ ਅਨੁਸਾਰ ਨਾਗਰਿਕਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਦੇਣ ਦੀ ਨਿਯਮਤ ਸਮੀਖਿਆ ਕਰਦੇ ਰਹਿਣ | ਮੁੱਖ ਸਕੱਤਰ ਨੇ ਇੰਜੀਨੀਅਰਿੰਗ ਵਿਭਾਗ ਤੇ ਨਗਰ ਨਿਗਮ ਨੂੰ 15 ਦਸੰਬਰ ਤੱਕ ਸਾਰੇ ਸੜਕ ਮੁਰੰਮਤ ਦੇ ਕੰਮ ਪੂਰੇ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਨੂੰ 15 ਦਿਨਾਂ ਵਿਚ ਖਾਲੀ ਜ਼ਮੀਨਾਂ ਦੀ ਪੂਰੀ ਸੂਚੀ ਤਿਆਰ ਕਰਨ ਦਾ ਵੀ ਹੁਕਮ ਦਿੱਤਾ ਤਾਂ ਜੋ ਜਿਥੇ ਵੀ ਗੈਰਕਾਨੂੰਨੀ ਕਬਜ਼ੇ ਹਨ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ | ਮੁੱਖ ਸਕੱਤਰ ਨੇ ਇਹ ਵੀ ਕਿਹਾ ਕਿ ਸਿਹਤ, ਸਿੱਖਿਆ, ਇੰਜੀਨੀਅਰਿੰਗ ਤੇ ਹੋਰ ਵਿਭਾਗਾਂ 'ਚ ਅਸਾਮੀਆਂ ਦੀ ਪੁਨਰ ਸੁਰਜੀਤੀ ਸੰਬੰਧੀ ਮਾਮਲਾ ਜਲਦੀ ਭਾਰਤ ਸਰਕਾਰ ਅੱਗੇ ਰੱਖਿਆ ਜਾਵੇ | ਮੀਟਿੰਗ 'ਚ ਵਿੱਤ ਸਕੱਤਰ ਦੀਪਰਵਾ ਲਾਕਰਾ, ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਪ੍ਰਸੋਨਲ ਸਕੱਤਰ ਸਵਪਨਿਲ ਨਾਇਕ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ |