ਖਰੜ, 5 ਨਵੰਬਰ (ਜੰਡਪੁਰੀ)-ਜਨ-ਹਿੱਤ ਵਿਕਾਸ ਮੰਚ ਖਰੜ ਦੇ ਇਕ ਵਫ਼ਦ ਵਲੋਂ ਪ੍ਰਧਾਨ ਰਣਜੀਤ ਸਿੰਘ ਹੰਸ ਦੀ ਅਗਵਾਈ 'ਚ ਪੰਜਾਬ ਸਕੱਤਰੇਤ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ | ਵਫ਼ਦ 'ਚ ਬਲਦੇਵ ਸਿੰਘ ਮਾਂਗਟ ਆਡੀਟਰ, ਜਸਵੀਰ ਸਿੰਘ ਸਹਾਇਕ ਖ਼ਜ਼ਾਨਚੀ ਤੇ ਮਨਜੀਤ ਕੌਰ ਸੋਨੰੂ ਸਹਾਇਕ ਸਕੱਤਰ ਵੀ ਹਾਜ਼ਰ ਸਨ | ਇਸ ਮੌਕੇ ਵਫ਼ਦ ਨੇ ਸਿਹਤ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਸਿਵਲ ਹਸਪਤਾਲ ਖਰੜ 100 ਬੈੱਡਾਂ ਦਾ ਹੈ, ਪਰ ਇੱਥੇ ਡਾਕਟਰ, ਸਟਾਫ਼ ਨਰਸਾਂ, ਪੈਰਾ-ਮੈਡੀਕਲ ਸਟਾਫ਼, ਦਰਜਾ ਚਾਰ ਮੁਲਾਜ਼ਮਾਂ, ਰੇਡੀਓਲੋਜਿਸਟ ਤੇ ਜੱਚਾ-ਬੱਚਾ ਹਸਪਤਾਲ 'ਚ ਸਟਾਫ਼ ਦੀ ਬਹੁਤ ਜ਼ਿਆਦਾ ਘਾਟ ਹੈ | ਉਨ੍ਹਾਂ ਦੱਸਿਆ ਕਿ ਖਰੜ ਸ਼ਹਿਰ ਦੀ ਆਬਾਦੀ 5 ਲੱਖ ਤੋਂ ਜ਼ਿਆਦਾ ਹੋਣ ਦੇ ਬਾਵਜੂਦ ਵੀ ਇਥੇ ਕੇਵਲ 10 ਸਟਾਫ਼ ਨਰਸਾਂ ਹਨ, ਜਦਕਿ ਦਰਜਾ ਚਾਰ ਸਟਾਫ਼ ਦੀ ਘਾਟ ਕਾਰਨ ਹਸਪਤਾਲ ਦੀ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਇਸ ਹਸਪਤਾਲ 'ਚ ਰੇਡੀਓਲੋਜਿਸਟ ਵੀ ਨਹੀਂ ਹੈ, ਜਿਸ ਕਾਰਨ ਅਲਟਰਾ ਸਾਊਾਡ ਵਗੈਰਾ ਕਰਵਾਉਣ ਲਈ ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਂ 'ਚ ਮਹਿੰਗੇ ਟੈਸਟ ਕਰਵਾਉਣੇ ਪੈਂਦੇ ਹਨ | ਇੱਥੇ ਦਿੱਲ ਦਾ ਡਾਕਟਰ ਵੀ ਨਹੀਂ ਹੈ, ਜਦਕਿ ਈ. ਸੀ. ਜੀ. ਕਰਨ ਵਾਲੇ ਸਟਾਫ਼ ਦੀ ਕਮੀ ਕਾਰਨ ਇਹ ਸੁਵਿਧਾ 24 ਘੰਟੇ ਉਪਲੱਬਧ ਨਹੀਂ ਰਹਿੰਦੀ | ਇਥੇ ਹੀ ਬਸ ਨਹੀਂ ਇਥੋਂ ਜੱਚਾ-ਬੱਚਾ ਹਸਪਤਾਲ 'ਚ ਕੇਵਲ 2 ਗਾਇਨੀਕੋਲੋਜਿਸਟ ਡਾਕਟਰ ਹਨ, ਲਿਹਾਜ਼ਾ ਜੱਚਾ-ਬੱਚਾ ਹਸਪਤਾਲ 24 ਘੰਟੇ ਕੰਮ ਨਹੀਂ ਕਰ ਰਿਹਾ ਅਤੇ ਦੁਪਹਿਰ 2 ਵਜੇ ਤੋਂ ਬਾਅਦ ਇਥੇ ਸਿਰਫ਼ ਇਕ ਸਟਾਫ਼ ਨਰਸ ਹੀ ਤਾਇਨਾਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਕੋਈ ਵੀ ਡਾਕਟਰ ਉਪਲੱਬਧ ਨਹੀਂ ਹੁੰਦੀ ਤੇ ਇਥੋਂ ਜ਼ਿਆਦਾਤਰ ਗਰਭਵਤੀ ਔਰਤਾਂ ਨੂੰ ਮੁਹਾਲੀ ਜਾਂ ਚੰਡੀਗੜ੍ਹ ਦੇ ਹਸਪਤਾਲਾਂ ਵਿਖੇ ਰੈਫ਼ਰ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ 'ਚ 24 ਘੰਟੇ ਚੱਲਣ ਵਾਲੀ ਮੈਟੇਰਨਿਟੀ ਸਹੂਲਤ ਦਾ ਉਦੇਸ਼ ਅਸਫ਼ਲ ਹੋ ਰਿਹਾ ਹੈ | ਇਸ ਤੋਂ ਬਾਅਦ ਵਫ਼ਦ ਨੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਖਰੜ ਹਸਪਤਾਲ 'ਚ ਪੂਰਾ ਸਟਾਫ਼ ਤਾਇਨਾਤ ਕੀਤੀ ਜਾਵੇ | ਇਸੇ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਸਰਜਨ ਮੁਹਾਲੀ ਡਾ. ਸੰਗੀਤਾ ਜੈਨ ਅਤੇ ਐੱਸ. ਐੱਮ. ਓ. ਖਰੜ ਰਾਜੇਸ਼ ਕੁਮਾਰ ਨੂੰ ਫ਼ੋਨ 'ਤੇ ਹਦਾਇਤ ਦਿੱਤੀ ਕਿ ਜਨ-ਹਿੱਤ ਵਿਕਾਸ ਮੰਚ ਨਾਲ ਤੁਰੰਤ ਮੀਟਿੰਗ ਕੀਤੀ ਜਾਵੇ | ਇਸ ਤੋਂ ਬਾਅਦ ਜਨ-ਹਿੱਤ ਵਿਕਾਸ ਮੰਚ ਦੇ ਵਫ਼ਦ ਨਾਲ ਫੇਜ਼-6 ਮੁਹਾਲੀ ਵਿਖੇ ਮੀਟਿੰਗ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਐੱਸ. ਐੱਮ. ਓ. ਖਰੜ ਰਾਜੇਸ਼ ਕੁਮਾਰ ਨੇ ਕਿਹਾ ਕਿ ਅਸੀਂ ਖਰੜ ਦੇ ਸਿਵਲ ਹਸਪਤਾਲ ਅਤੇ ਜੱਚਾ-ਬੱਚਾ ਹਸਪਤਾਲ ਵਿਚਲੀਆਂ ਖਾਮੀਆਂ ਵੱਲ ਪੂਰਾ ਧਿਆਨ ਦੇਵਾਂਗੇ ਅਤੇ ਜੋ ਕੁਝ ਵੀ ਅਸੀਂ ਆਪਣੇ ਪੱਧਰ 'ਤੇ ਕਰ ਸਕਦੇ ਹਾਂ, ਉਹ ਜ਼ਰੂਰ ਕਰਕੇ ਸਿਹਤ ਮੰਤਰੀ ਨੂੰ ਰਿਪੋਰਟ ਬਣਾ ਕੇ ਭੇਜਾਂਗੇ | ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਖਰੜ ਹਸਪਤਾਲ 'ਚ ਕਿਹੜੇ-ਕਿਹੜੇ ਸੁਧਾਰ ਹੁੰਦੇ ਹਨ |