19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਲਬੇ ਦੇ ਢੇਰ 'ਚ ਤਬਦੀਲ ਹੋਈ ਚੰਡੀਗੜ੍ਹ ਦੀ ਫ਼ਰਨੀਚਰ ਮਾਰਕੀਟ ਪਿਛਲੇ ਲੰਮੇ ਸਮੇਂ ਤੋਂ ਦੁਕਾਨਦਾਰਾਂ ਨੇ ਕਰ ਰੱਖਿਆ ਸੀ ਕਬਜ਼ਾ

ਅਜੀਤ ਡੈਸਕ 21-07-2025
ਚੰਡੀਗੜ੍ਹ, 20 ਜੁਲਾਈ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਦੇ ਸੈਕਟਰ 53/54 ਦੀ ਫ਼ਰਨੀਚਰ ਮਾਰਕੀਟ ਨੂੰ ਅੱਜ ਯੂ. ਟੀ. ਪ੍ਰਸ਼ਾਸਨ ਵੱਲੋਂ ਮਲਬੇ ਦੇ ਢੇਰ 'ਚ ਤਬਦੀਲ ਕਰ ਦਿੱਤਾ ਗਿਆ | ਪ੍ਰਸ਼ਾਸਨ ਵੱਲੋਂ ਤੜਕੇ ਸਵੇਰੇ ਤੋਂ ਹੀ ਦੁਕਾਨਾਂ ਖ਼ਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਇਸ ਦੇ ਲਈ ਪ੍ਰਸ਼ਾਸਨ, ਪੁਲਿਸ, ਫਾਇਰ ਬਿਗ੍ਰੇਡ ਸਮੇਤ ਅਸਟੇਟ ਦਫ਼ਤਰ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਰਹੇ | ਪ੍ਰਸ਼ਾਸਨ ਵੱਲੋਂ ਫ਼ਰਨੀਚਰ ਮਾਲਕਾਂ ਨੂੰ ਦੁਕਾਨਾਂ ਖ਼ਾਲੀ ਕਰਨ ਸਬੰਧੀ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ, ਇਸ ਦੇ ਬਾਵਜੂਦ ਕੁੱਝ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਨਹੀਂ ਚੁੱਕਿਆ ਗਿਆ ਜਿਸ ਦੇ ਚੱਲਦਿਆਂ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੁਕਾਨਦਾਰਾਂ ਨੂੰ ਆਖ਼ਰੀ ਮੌਕਾ ਦਿੰਦੇ ਹੋਏ ਦੁਕਾਨਾਂ ਖ਼ਾਲੀ ਕਰਨ ਦੀ ਮੁਹਲਤ ਦਿੱਤੀ, ਜਿਸ ਤੋਂ ਬਾਅਦ ਹਰਕਤ 'ਚ ਆਏ ਪ੍ਰਸ਼ਾਸਨ ਦੇ ਅਮਲੇ ਨੇ 116 ਦੇ ਕਰੀਬ ਦੁਕਾਨਾਂ ਨੂੰ ਜੇ.ਸੀ.ਬੀ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ | ਇਸ ਕਾਰਵਾਈ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ | ਹਾਲਾਂਕਿ ਕੁੱਝ ਦੁਕਾਨਦਾਰਾਂ ਨੇ ਪ੍ਰਸ਼ਾਸਨ ਦਾ ਵਿਰੋਧ ਵੀ ਕੀਤਾ ਪਰ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੇ ਗਏ ਇੱਕ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਕਾਰਨ ਮਾਹੌਲ ਸ਼ਾਂਤਮਈ ਬਣਿਆ ਰਿਹਾ | ਯੂ. ਟੀ. ਪ੍ਰਸ਼ਾਸਨ ਦੀ ਇਸ ਕਾਰਵਾਈ ਦੌਰਾਨ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਅਤੇ ਐੱਸ.ਐੱਸ.ਪੀ. ਕੰਵਰਦੀਪ ਕੌਰ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪੁੱਜੇ ਜਿੱਥੇ ਉਨ੍ਹਾਂ ਮੌਕੇ 'ਤੇ ਮੌਜੂਦ ਤਿੰਨੇ ਐਸ.ਡੀ.ਐਮ ਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ | ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਯੂ. ਟੀ. ਪ੍ਰਸ਼ਾਸਨ ਵੱਲੋਂ ਉਕਤ ਜਗ੍ਹਾ ਖ਼ਾਲੀ ਕਰਵਾਉਣ ਲਈ ਦੁਕਾਨਦਾਰਾਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਉਚਿੱਤ ਸਹਿਯੋਗ ਨਾ ਮਿਲਣ ਕਾਰਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਫ਼ਰਨੀਚਰ ਮਾਲਕਾਂ ਵੱਲੋਂ ਮੁੜ ਵਸੇਬੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬਾਬਤ ਦੁਕਾਨਦਾਰਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਹੁਣ ਫ਼ੈਸਲਾ ਉਨ੍ਹਾਂ ਨੇ ਕਰਨਾ ਹੈ | ਦੁਕਾਨਦਾਰਾਂ ਨੂੰ ਮੁਆਵਜ਼ੇ ਬਾਰੇ ਡੀ.ਸੀ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਜਿਸ ਜ਼ਮੀਨ 'ਤੇ ਫ਼ਰਨੀਚਰ ਮਾਰਕੀਟ ਬਣੀ ਸੀ, ਉਸ ਜਗ੍ਹਾ ਦਾ ਮੁਆਵਜ਼ਾ ਪਹਿਲਾ ਹੀ ਜ਼ਮੀਨ ਦੇ ਅਸਲ ਮਾਲਕਾਂ ਨੂੰ ਦਿੱਤਾ ਜਾ ਚੁੱਕਾ ਹੈ | ਇਸ ਲਈ ਇਨ੍ਹਾਂ ਦੁਕਾਨਦਾਰਾਂ ਦੀ ਇਹ ਮੰਗ ਨਿਰਾਧਾਰ ਹੈ |
ਪਿਛਲੀ ਖ਼ਬਰ 3 ਭਾਸ਼ਾਵਾਂ ਦਾ ਕਾਵਿ ਸੰਗ੍ਰਹਿ 'ਕਈ ਰੰਗ ਜ਼ਿੰਦਗੀ ਦੇ-4' ਦਾ ਹੋਇਆ ਲੋਕ-ਅਰਪਣ <br/> ਅਗਲੀ ਖ਼ਬਰ ਕਰੀਬ 400 ਕਰੋੜ ਮੁੱਲ ਦੀ ਹੈ ਖ਼ਾਲੀ ਕਰਵਾਈ ਗਈ 15 ਏਕੜ ਸਰਕਾਰੀ ਜ਼ਮੀਨ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।