ਚੰਡੀਗੜ੍ਹ, 19 ਜੁਲਾਈ (ਅਜਾਇਬ ਸਿੰਘ ਔਜਲਾ)-ਸ੍ਰੀ ਦਰਬਾਰ ਸਾਹਿਬ ਇਲਾਕੇ ਵਿਚ ਬੰਬ ਰੱਖਣ ਦੀਆਂ ਖ਼ਬਰਾਂ ਅਤੀ ਚਿੰਤਾਜਨਕ ਹਨ, ਇਹ ਮਨੁੱਖਤਾ ਨਾਲ ਜੁੜਿਆ ਹੋਇਆ ਮਾਮਲਾ ਹੈ, ਪਰ ਇਸ ਬਾਰੇ ਮੁੱਖ ਮੰਤਰੀ ਚੁੱਪ ਹਨ | ਇਹ ਵਿਚਾਰ ਪ੍ਰਗਟ ਕਰਦਿਆਂ ਸੀ. ਪੀ. ਆਈ. ਐੱਮ. ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਮੁੱਖ ਮੰਤਰੀ ਸਥਿਤੀ ਨੂੰ ਸਪਸ਼ਟ ਕਰਨ ਤਾਂ ਜੋ ਸ਼ਰਧਾਲੂਆਂ ਯਾਤਰੀਆਂ ਦੇ ਮਨਾਂ 'ਚੋਂ ਡਰ ਦੂਰ ਕੀਤਾ ਜਾ ਸਕੇ | ਇੱਥੇ ਇਹ ਵਰਨਣਯੋਗ ਹੈ ਬੀਤੇ ਦਿਨਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਲਈ ਬੰਬ ਰੱਖਣ ਦੀਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜ ਈ-ਮੇਲਾਂ ਆਈਆਂ ਹਨ | ਇਹ ਈ-ਮੇਲਾਂ ਰਾਜ ਦੇ ਮੁੱਖ ਮੰਤਰੀ ਨੂੰ ਵੀ ਭੇਜੇ ਜਾਣ ਦੀ ਚਰਚਾ ਹੈ | ਕਾ: ਸੇਖੋਂ ਨੇ ਕਿਹਾ ਕਿ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਬਾਰੇ ਅਜਿਹੀਆਂ ਖ਼ਬਰਾਂ ਅਤੀ ਚਿੰਤਾਜਨਕ ਹਨ | ਸੂਬਾ ਸਕੱਤਰ ਨੇ ਕਿਹਾ ਕਿ ਇਸ ਅਤੀ ਗੰਭੀਰ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੁੱਪੀ ਸਰਕਾਰ ਦੀ ਜ਼ੰੁਮੇਵਾਰੀ ਉੱਪਰ ਸੁਆਲ ਖੜੇ ਕਰਦੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੁਰੰਤ ਇਸ ਸਮੁੱਚੇ ਮਾਮਲੇ ਬਾਰੇ ਸਥਿਤੀ ਸਪਸ਼ਟ ਕਰਨ, ਤਾਂ ਜੋ ਲੋਕਾਂ ਦੇ ਮਨਾਂ 'ਚੋਂ ਡਰ ਦੂਰ ਕੀਤਾ ਜਾ ਸਕੇ |