ਐੱਸ. ਏ. ਐੱਸ. ਨਗਰ, 17 ਜੁਲਾਈ (ਕਪਿਲ ਵਧਵਾ)-ਅੰਮਿ੍ਤਸਰ ਵਿਖੇ ਠਾਕੁਰ ਦਵਾਰਾ ਮੰਦਰ ਵਿਖੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਮੁਹਾਲੀ ਸਥਿਤ ਐੱਨ. ਆਈ. ਏ. ਅਦਾਲਤ ਨੇ 2 ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਜਾਣਕਾਰੀ ਅਨੁਸਾਰ 14-15 ਮਾਰਚ ਦੀ ਦਰਮਿਆਨੀ ਰਾਤ ਅੰਮਿ੍ਤਸਰ ਸਥਿਤ ਠਾਕੁਰ ਦਵਾਰਾ ਸਨਾਤਨ ਮੰਦਰ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ, ਜਿਸ ਦੇ ਧਮਾਕੇ ਨਾਲ ਉਕਤ ਮੰਦਰ ਦੀ ਕੰਧ ਟੁੱਟਣ ਦੇ ਨਾਲ-ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਸੀ | ਇਸ ਹਮਲੇ ਉਪਰੰਤ ਥਾਣਾ ਛੇਹਰਟਾ ਦੀ ਪੁਲਿਸ ਨੇ ਐਫ. ਆਈ. ਆਰ. ਦਰਜ ਕੀਤੀ ਜਿਸ ਦੌਰਾਨ ਪੰਜਾਬ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ, ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸ ਦੀ ਜਾਂਚ ਐੱਨ. ਆਈ. ਏ ਨੂੰ ਸੌਂਪ ਦਿੱਤੀ, ਜਿਨਾਂ ਨੇ ਇਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ | ਇਸ ਮਾਮਲੇ ਵਿਚ ਪੰਜਾਬ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਦੀਵਾਨ ਸਿੰਘ ਉਰਫ ਸੰਨੀ ਅਤੇ ਵਿਸ਼ਾਲ ਉਰਫ ਚੂੱਚੀ ਤੋਂ ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਵੱਖ-ਵੱਖ ਤਰੀਕਾਂ ਨੂੰ ਪੁੱਛਗਿੱਛ ਕੀਤੀ | ਬੀਤੇ ਦਿਨੀਂ ਮੁਹਾਲੀ ਅਦਾਲਤ ਵਿਖੇ ਐੱਸ. ਪੀ. ਰੈਂਕ ਦੇ ਅਧਿਕਾਰੀ ਨੇ ਮੁਹਾਲੀ ਅਦਾਲਤ ਵਿਖੇ ਉਕਤ ਦੋਵਾਂ ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟ ਦਾਇਰ ਕੀਤੇ ਜਿਸ 'ਤੇ ਵੀਰਵਾਰ ਨੂੰ ਦੀਵਾਨ ਸਿੰਘ ਅਤੇ ਵਿਸ਼ਾਲ ਨੂੰ ਮੁਹਾਲੀ ਅਦਾਲਤ ਵਿਖੇ ਲਿਆਂਦਾ ਗਿਆ ਅਤੇ ਐੱਨ. ਆਈ. ਏ ਅਧਿਕਾਰੀਆਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਲਈ ਸੌਂਪ ਦਿੱਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਵੀ ਨਵੇਂ ਤੱਥ ਸਾਮਣੇ ਜਾਂਚ ਅਧਿਕਾਰੀਆਂ ਵਲੋਂ ਲਿਆਂਦੇ ਜਾ ਸਕਦੇ ਹਨ |