ਐੱਸ. ਏ. ਐੱਸ. ਨਗਰ, 16 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਜਵਾਹਰ ਨਵੋਦਿਆ ਵਿਦਿਆਲਿਆ ਵਲੋਂ ਚੋਣ ਪ੍ਰੀਖਿਆ 6ਵੀਂ ਜਮਾਤ ਸਾਲ 2026-27 ਵਾਸਤੇ ਸ਼ੁਰੂ ਕੀਤੀ ਗਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਆਖ਼ਰੀ ਮਿਤੀ 29 ਜੁਲਾਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰ. ਦੀਪਤੀ ਭਟਨਾਗਰ ਨੇ ਦੱਸਿਆ ਕਿ ਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਸਥਾਨਕ ਜ਼ਿਲ੍ਹੇ ਦੇ ਪਿੰਡ ਰਕੌਲੀ ਵਿਖੇ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ. ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ਵਿਖੇ ਅਗਲੇ ਵਿੱਦਿਅਕ ਸਾਲ 2026-27 ਦੀ 6ਵੀਂ ਜਮਾਤ ਲਈ ਇਸ ਵਿੱਦਿਅਕ ਸਾਲ 2025-26 ਵਿਚ 5ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੇ ਮਾਪੇ ਮੁਹਾਲੀ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ, ਵਿਦਿਆਰਥੀ 5ਵੀਂ ਜਮਾਤ 'ਚ ਪੜ੍ਹਦਾ ਹੋਣਾ ਚਾਹੀਦਾ ਹੈ ਅਤੇ ਉਸ ਦਾ ਜਨਮ 1 ਮਈ 2014 ਤੋਂ 31 ਜੁਲਾਈ 2016 (ਦੋਵਾਂ ਤਰੀਕਾਂ ਸਮੇਤ) ਤੱਕ ਹੋਇਆ ਹੋਵੇ | ਉਨ੍ਹਾਂ ਦੱਸਿਆ ਕਿ ਓ. ਬੀ. ਸੀ. ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋਂ ਪਤਾ ਕਰ ਲੈਣ ਕਿ ਉਹ ਕੇਂਦਰੀ ਸੂਚੀ ਵਿਚ ਪੰਜਾਬ ਦੀ ਓ. ਬੀ. ਸੀ. ਸ਼੍ਰੇਣੀ ਵਿਚ ਆਉਂਦੇ ਹਨ ਜਾਂ ਨਹੀਂ ਅਤੇ ਜੇਕਰ ਨਹੀਂ ਆਉਂਦੇ ਤਾਂ ਜਨਰਲ ਵਰਗ ਵਿਚ ਰਜਿਸਟ੍ਰੇਸ਼ਨ ਕਰਵਾਉਣ | ਉਨ੍ਹਾਂ ਕਿਹਾ ਕਿ ਆਨਲਾਈਨ ਲਿੰਕ 'ਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਆਖ਼ਰੀ ਮਿਤੀ 29 ਜੁਲਾਈ ਹੈ | ਉਨ੍ਹਾਂ ਦੱਸਿਆ ਕਿ ਚੋਣ ਪ੍ਰੀਖਿਆ 13 ਦਸੰਬਰ ਨੂੰ ਜ਼ਿਲ੍ਹੇ ਦੇ ਚੋਣਵੇਂ ਸੈਂਟਰਾਂ 'ਚ ਹੋਵੇਗੀ |