ਚੰਡੀਗੜ੍ਹ, 16 ਜੁਲਾਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਮਨੀਮਾਜਰਾ ਇਲਾਕੇ ਤੋਂ ਇਕ ਵਿਅਕਤੀ ਤੋਂ ਹੈਰੋਇਨ ਬਰਾਮਦ ਹੋਣ 'ਤੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮਨੀਮਾਜਰਾ ਦੀ ਪੁਲਿਸ ਪਾਰਟੀ ਦੇਰ ਸ਼ਾਮ ਜਦੋਂ ਗਸ਼ਤ ਦੌਰਾਨ ਗੁਰੂਕੁਲ ਗਲੋਬਲ ਸਕੂਲ ਦੀ ਕੱਚੀ ਪਾਰਕਿੰਗ ਨਜ਼ਦੀਕ ਪੁੱਜੀ ਤਾਂ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ 7.32 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ 'ਤੇ ਅਧਿਕਾਰੀਆਂ ਨੇ ਸੁਸ਼ੀਲ ਕੁਮਾਰ (32) ਵਾਸੀ ਨਿਊ ਇੰਦਰਾ ਕਾਲੋਨੀ ਮਨੀਮਾਜਰਾ ਨੂੰ ਗਿ੍ਫ਼ਤਾਰ ਕਰ ਲਿਆ | ਇਸ ਤੋਂ ਅਗਲੀ ਜਾਂਚ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰੋਂ ਪੁਲਿਸ ਅਧਿਕਾਰੀਆਂ ਨੇ 2 ਲੱਖ 22 ਹਜ਼ਾਰ 500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਅਤੇ ਮੁਲਜ਼ਮ ਵਲੋਂ ਉਸ ਦੇ ਚੰਡੀਗੜ੍ਹ ਨੰਬਰੀ ਮੋਟਰਸਾਈਕਲ ਵਿਚ ਰੱਖੀ ਹੋਈ ਹੋਰ 238 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਥਾਣਾ ਮਨੀਮਾਜਰਾ ਦੀ ਪੁਲਿਸ ਨੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਦੀ ਐਕਟ ਤਹਿਤ ਐੱਫ. ਆਈ. ਆਰ ਦਰਜ ਕੀਤੀ ਹੈ ਅਤੇ ਡਰੱਗ ਮਨੀ ਸਮੇਤ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਹੈ | ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਕਤ ਮੁਲਜ਼ਮ ਵਿਰੁੱਧ ਪਹਿਲਾਂ ਤੋਂ ਹਿਮਾਚਲ ਪ੍ਰਦੇਸ਼ ਵਿਖੇ ਦੋ ਐਨ. ਡੀ. ਪੀ. ਐੱਸ. ਐਕਟ ਤਹਿਤ ਐੱਫ. ਆਈ. ਆਰ ਦਰਜ ਹਨ | ਅੱਜ ਅਦਾਲਤ ਵਿਖੇ ਸੁਸ਼ੀਲ ਨੂੰ ਪੇਸ਼ ਕੀਤੇ ਜਾਣ 'ਤੇ ਇਲਾਕਾ ਮੈਜਿਸਟ੍ਰੇਟ ਨੇ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |