ਮੁਹਾਲੀ ਪੁਲਿਸ ਨੇ ਪਿੰਡ ਜੁਝਾਰ ਨਗਰ ਵਿਖੇ ਚਲਾਇਆ ਪੀਲਾ ਪੰਜਾ
ਅਜੀਤ ਡੈਸਕ
15-07-2025
ਐੱਸ. ਏ. ਐੱਸ. ਨਗਰ 14 ਜੁਲਾਈ, (ਕਪਿਲ ਵਧਵਾ)- ਮੁਹਾਲੀ ਦੇ ਬਲੌਂਗੀ ਅਧੀਨ ਪੈਂਦੇ ਪਿੰਡ ਜੁਝਾਰ ਨਗਰ ਵਿਖੇ ਨਸ਼ਾ ਤਸਕਰੀ ਨਾਲ ਜੁੜੇ ਪਿਓ-ਪੁੱਤਰ ਦੀ ਜੋੜੀ ਵਲੋਂ ਪੰਚਾਇਤੀ ਜ਼ਮੀਨ 'ਤੇ ਕੀਤੀ ਗਈ ਗੈਰ-ਕਾਨੂੰਨੀ ਉਸਾਰੀ ਨੂੰ ਪੁਲਿਸ ਨੇ ਢਾਹ ਦਿੱਤਾ ਹੈ | ਇਹ ਕਾਰਵਾਈ ਐਨ. ਡੀ. ਪੀ. ਐੱਸ. ਐਕਟ, ਆਬਕਾਰੀ ਐਕਟ ਅਤੇ ਹੋਰ ਗੰਭੀਰ ਅਪਰਾਧਿਕ ਮਾਮਲਿਆਂ ਹੇਠ ਦਰਜ ਕਈ ਕੇਸਾਂ ਵਿਚ ਸ਼ਾਮਲ ਦੋਸ਼ੀਆਂ ਵਿਰੁੱਧ ਕੀਤੀ ਗਈ | ਇਸ ਮੌਕੇ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਤਿੱਖੀ ਕਾਰਵਾਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਗਈ | ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਵਲੋਂ ਪੁਲਿਸ ਵਿਭਾਗ ਨੂੰ ਕੀਤੀ ਗਈ ਬੇਨਤੀ ਦੇ ਜਵਾਬ ਵਿਚ ਨਸ਼ਾ ਤਸਕਰਾਂ ਵਲੋਂ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਕੇ ਬਣਾਏ ਗਏ ਢਾਂਚੇ ਨੂੰ ਢਾਹ ਦਿੱਤਾ ਗਿਆ | ਪੁਲਿਸ ਅਨੁਸਾਰ, ਮਲਕੀਤ ਸਿੰਘ ਪੁੱਤਰ ਕਰਮ ਚੰਦ ਵਿਰੁੱਧ 2018 ਤੋਂ 2024 ਤੱਕ 7 ਕੇਸ ਦਰਜ ਹਨ, ਜਿਨ੍ਹਾਂ 'ਚ ਐਨ. ਡੀ. ਪੀ. ਐੱਸ. ਐਕਟ ਅਤੇ ਆਬਕਾਰੀ ਐਕਟ ਅਤੇ ਆਈ. ਪੀ. ਸੀ. ਦੇ ਤਹਿਤ ਮਾਮਲੇ ਸ਼ਾਮਲ ਹਨ | ਉਸ ਦੇ ਪੁੱਤਰ ਹੈਪੀ ਖ਼ਿਲਾਫ਼ 2018 ਤੋਂ 2025 ਤੱਕ 5 ਕੇਸ ਰਜਿਸਟਰ ਹਨ, ਜਿਨ੍ਹਾਂ ਵਿਚ ਐਨ. ਡੀ. ਪੀ. ਐੱਸ. ਐਕਟ, ਆਬਕਾਰੀ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੇ ਅਧੀਨ ਪਰਚੇ ਲਗਾਏ ਗਏ ਹਨ | ਐੱਸ. ਐੱਸ. ਪੀ ਹਾਂਸ ਨੇ ਕਿਹਾ ਕਿ ਮੁਹਾਲੀ ਪੁਲਿਸ ਨਸ਼ਾ ਤਸਕਰਾਂ ਲਈ 'ਜ਼ੀਰੋ ਟੋਲਰੈਂਸ' ਦੀ ਨੀਤੀ' ਕੰਮ ਕਰ ਰਹੀ ਹੈ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦੀ ਤਸਕਰੀ ਕਰ ਕੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਖਤਰੇ 'ਚ ਪਾਉਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਐਸ. ਪੀ. (ਪੀ. ਬੀ. ਆਈ.) ਦੀਪਿਕਾ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ |